ਮੁਬਾਰਕਪੁਰ-ਸੁੰਡਰਾ ਗੈਸ ਪਾਈਪ ਲਾਈਨ ਲੀਕ, ਨਾਜਾਇਜ਼ ਮਾਈਨਿੰਗ ਕਾਰਨ ਵਾਪਰਿਆ ਹਾਦਸਾ ਮੁਬਾਰਕਪੁਰ-ਸੁੰਡਰਾ ਗੈਸ ਪਾਈਪ ਲਾਈਨ ਲੀਕ,
Publish Date: Thu, 24 Sep 2026 06:40 PM (IST)
Updated Date: Thu, 24 Sep 2026 06:42 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ ਤੋਂ ਸੁੰਡਰਾ ਵੱਲ ਜਾ ਰਹੀ ਜ਼ਮੀਨਦੋਜ਼ ਪੀਐੱਨਜੀ ਗੈਸ ਪਾਈਪ ਲਾਈਨ ਵਿਚ ਪਿੰਡ ਪੰਡਵਾਲਾ ਨੇੜੇ ਭਾਰੀ ਲੀਕੇਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖ਼ੁਸ਼ਕਿਸਮਤੀ ਨਾਲ ਪ੍ਰਸ਼ਾਸਨ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਕਾਰਨ ਇਕ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਮਿਲੀ ਜਾਣਕਾਰੀ ਅਨੁਸਾਰ, ਘਟਨਾ ਦੇ ਸਮੇਂ ਪਿੰਡ ਪੰਡਵਾਲਾ ਦੇ ਨੇੜੇ ਕੁਝ ਵਿਅਕਤੀ ਜੇਸੀਬੀ ਮਸ਼ੀਨ ਨਾਲ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਸਨ। ਇਸ ਦੌਰਾਨ ਮਸ਼ੀਨ ਦੀ ਖ਼ੁਦਾਈ ਕਾਰਨ ਜ਼ਮੀਨ ਹੇਠਾਂ ਵਿਛੀ ਪੀਐੱਨਜੀ ਗੈਸ ਪਾਈਪ ਲਾਈਨ ਅਚਾਨਕ ਨੁਕਸਾਨੀ ਗਈ, ਜਿਸ ਤੋਂ ਬਾਅਦ ਗੈਸ ਦਾ ਤੇਜ਼ੀ ਨਾਲ ਰਿਸਾਅ (ਲੀਕੇਜ) ਸ਼ੁਰੂ ਹੋ ਗਿਆ। ਗੈਸ ਲੀਕ ਹੁੰਦੇ ਹੀ ਇਲਾਕੇ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ। ਓਥੋਂ ਲੰਘ ਰਹੇ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਸਮਝਦਾਰੀ ਦਿਖਾਉਂਦੇ ਹੋਏ ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਮੁਬਾਰਕਪੁਰ ਸਬ ਇੰਸਪੈਕਟਰ ਕੁਲਵੰਤ ਸਿੰਘ ਆਪਣੀ ਪੁਲਿਸ ਟੀਮ ਸਮੇਤ ਤੁਰੰਤ ਮੌਕੇ ਉੱਤੇ ਪਹੁੰਚੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਬਿਨਾਂ ਕੋਈ ਦੇਰੀ ਕੀਤੇ ਸਬੰਧਤ ਗੈਸ ਕੰਪਨੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਤੁਰੰਤ ਉਕਤ ਪਾਈਪ ਲਾਈਨ ਦਾ ਗੇਟ ਵਾਲਵ ਬੰਦ ਕਰਵਾਇਆ। ਪਾਈਪ ਲਾਈਨ ਦਾ ਵਾਲਵ ਬੰਦ ਹੋਣ ਤੋਂ ਬਾਅਦ ਗੈਸ ਦਾ ਰਿਸਾਅ ਰੁਕਿਆ, ਜਿਸ ਨਾਲ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ। ਚੌਕੀ ਇੰਚਾਰਜ ਕੁਲਵੰਤ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੀ ਇਸ ਮੁਸਤੈਦੀ ਕਾਰਨ ਇਲਾਕੇ ਵਿਚ ਕੋਈ ਵੱਡਾ ਜਾਨੀ ਜਾਂ ਮਾਲੀ ਨੁਕਸਾਨ ਹੋਣੋਂ ਬਚ ਗਿਆ। ਪਿੰਡ ਵਾਸੀਆਂ ਨੇ ਰੋਸ ਜਤਾਉਂਦੇ ਹੋਏ ਦੱਸਿਆ ਕਿ ਇਲਾਕੇ ਵਿਚ ਕੁਝ ਲੋਕਾਂ ਵੱਲੋਂ ਸ਼ਰੇਆਮ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਖ਼ਤਰਨਾਕ ਸਾਬਤ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਖ਼ਤਰਨਾਕ ਘਟਨਾ ਦੁਬਾਰਾ ਨਾ ਵਾਪਰੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।