ਇਥੋਪੀਆ ’ਚ ਫਸੇ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਮਦਦ ਦਾ ਭਰੋਸਾ, ਸੰਸਦ ਮੈਂਬਰ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ
ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਥੋਪੀਆ ਵਿਚ ਫਸੇ ਪੰਜਾਬ ਅਤੇ ਹਰਿਆਣਾ ਦੇ ਚਾਰ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਇਹ ਚਾਰੇ ਨੌਜਵਾਨ ਟੂਰਿਸਟ ਵੀਜ਼ੇ ’ਤੇ ਇਥੋਪੀਆ ਗਏ ਸਨ ਪਰ ਹਵਾਈ ਅੱਡੇ ਤੋਂ ਅਗਵਾਕਾਰਾਂ ਦੇ ਚੁੰਗਲ ’ਚੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ।
Publish Date: Thu, 16 Jul 2026 12:39 PM (IST)
Updated Date: Thu, 16 Jul 2026 12:41 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਥੋਪੀਆ ਵਿਚ ਫਸੇ ਪੰਜਾਬ ਅਤੇ ਹਰਿਆਣਾ ਦੇ ਚਾਰ ਨੌਜਵਾਨਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਵਿਦੇਸ਼ ਮੰਤਰਾਲੇ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਇਹ ਚਾਰੇ ਨੌਜਵਾਨ ਟੂਰਿਸਟ ਵੀਜ਼ੇ ’ਤੇ ਇਥੋਪੀਆ ਗਏ ਸਨ ਪਰ ਹਵਾਈ ਅੱਡੇ ਤੋਂ ਅਗਵਾਕਾਰਾਂ ਦੇ ਚੁੰਗਲ ’ਚੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਉੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ।
ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਵਿਚ ਸਤਨਾਮ ਸੰਧੂ ਨੇ ਕਿਹਾ ਕਿ ਪੀੜਤ ਨੌਜਵਾਨਾਂ ਵਿਚੋਂ ਦੋ ਪੰਜਾਬ ਅਤੇ ਦੋ ਹਰਿਆਣਾ ਨਾਲ ਸਬੰਧਤ ਹਨ, ਉਨ੍ਹਾਂ ਦੇ ਪਰਿਵਾਰ ਇਸ ਮੰਦਭਾਗੀ ਸਥਿਤੀ ਕਾਰਨ ਗੰਭੀਰ ਮਾਨਸਿਕ ਤਣਾਅ ’ਚੋਂ ਲੰਘ ਰਹੇ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸਲਾਮਤੀ ਅਤੇ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਫਗਵਾੜਾ ਦੇ ਗੌਰਵ, ਗੁਰਦਾਸਪੁਰ ਦੇ ਕਲਾਨੌਰ ਸਥਿਤ ਰਹੀਮਾਬਾਦ ਦੇ ਮਨਜੀਤ ਸਿੰਘ, ਹਰਿਆਣਾ ਦੇ ਕੈਥਲ ਤੋਂ ਸੁਖਵਿੰਦਰ ਸਿੰਘ ਕਕਰਾਲਾ ਅਤੇ ਸੁਰਜੀਤ ਸਿੰਘ ਚੀਕਾ ਦੀ ਜਲਦੀ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਉਣ ਲਈ ਤੁਰੰਤ ਦਖ਼ਲ ਦਿੱਤਾ ਜਾਵੇ।
ਸੰਧੂ ਨੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੀੜਤ ਨੌਜਵਾਨਾਂ ਦਾ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਹੈ। ਉਹ ਖ਼ੁਦ ਇਸ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਜਿਹੇ ਮੁੱਦਿਆਂ 'ਤੇ ਬਹੁਤ ਸੰਵੇਦਨਸ਼ੀਲ ਹੈ। ਜਦੋਂ ਵੀ ਅਸੀਂ ਅਜਿਹੇ ਮਾਮਲੇ ਸਰਕਾਰ ਦੇ ਧਿਆਨ ਵਿਚ ਲਿਆਉਂਦੇ ਹਾਂ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਉਸ ਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਪੀੜਤ ਨੌਜਵਾਨਾਂ ਨੂੰ ਜਲਦੀ ਹੀ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਅਤੇ ਗੰਭੀਰ ਮਾਮਲਾ ਹੈ ਕਿ ਸਾਡੇ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਇਥੋਪੀਆ ਵਿਚ ਅਗਵਾ ਕਰਕੇ ਉਨ੍ਹਾਂ ’ਤੇ ਤਸ਼ੱਦਦ ਕੀਤਾ ਗਿਆ, ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਗਏ ਅਤੇ ਉਨ੍ਹਾਂ ਤੋਂ ਪੈਸੇ ਤੇ ਹੋਰ ਸਮਾਨ ਵੀ ਖੋਹ ਲਿਆ ਗਿਆ। ਪੀੜਤ ਨੌਜਵਾਨਾਂ ਦੀਆਂ ਬਾਹਾਂ ਅਤੇ ਲੱਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੱਗੀਆਂ ਸੱਟਾਂ ਸਾਫ਼ ਨਜ਼ਰ ਆ ਰਹੀਆਂ ਹਨ।
ਸੰਧੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਖ਼ਤਰਾ ਹੋਵੇ, ਉੱਥੇ ਜਾਣ ਤੋਂ ਗੁਰੇਜ਼ ਕਰਨ ਅਤੇ ਆਪਣੀਆਂ ਕੀਮਤੀ ਜਾਨਾਂ ਨੂੰ ਜੋਖ਼ਮ ਵਿਚ ਨਾ ਪਾਉਣ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲਿਆਂ ਵਿਚ ਉਨ੍ਹਾਂ ਦਖ਼ਲ ਦਿੱਤਾ ਹੈ ਅਤੇ ਵਿਦੇਸ਼ਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਭਾਰਤੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿਚ ਸਫ਼ਲ ਰਹੇ ਹਨ। ਹੁਣ ਵੀ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਗੌਰਵ ਸਮੇਤ ਚਾਰੇ ਨੌਜਵਾਨ ਸੁਰੱਖਿਅਤ ਆਪਣੇ ਮਾਪਿਆਂ ਕੋਲ ਵਾਪਸ ਪਹੁੰਚਣ।