ਐੱਮਪੀ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਦੀ ਕੀਤੀ ਮੰਗ
ਐੱਮਪੀ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਦੀ ਕੀਤੀ ਮੰਗ
Publish Date: Thu, 29 Jan 2026 05:40 PM (IST)
Updated Date: Thu, 29 Jan 2026 05:43 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਵੀਰਵਾਰ ਨੂੰ ਰਾਜ ਸਭਾ ’ਚ ਖੇਤੀਬਾੜੀ ਅਤੇ ਕਿਸਾਨੀ ਨਾਲ ਜੁੜਿਆ ਅਹਿਮ ਮੁੱਦਾ ਚੁੱਕਿਆ। ਉਨ੍ਹਾਂ ਨੇ ਪੰਜਾਬ ’ਚ ਬਾਗ਼ਬਾਨੀ ਨੂੰ ਉਤਸ਼ਾਹਤ ਕਰਨ ਲਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਹਾਰਟੀਕਲਚਰ ਦੀ ਸਥਾਪਨਾ ਦੇ ਇਕ ਦਹਾਕੇ ਤੋਂ ਲਟਕੇ ਹੋਏ ਕੰਮ ਦਾ ਮੁੱਦਾ ਉਠਾਇਆ ਅਤੇ ਕਿਸਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੇਂਦਰੀ ਹਾਰਟੀਕਲਚਰ (ਬਾਗ਼ਬਾਨੀ) ਯੂਨੀਵਰਸਿਟੀ ਬਣਾਉਣ ਦੀ ਮੰਗ ਕੀਤੀ। ਸੰਸਦ ਦੇ ਬਜਟ ਸੈਸ਼ਨ ਦੌਰਾਨ ਰਾਜ ਸਭਾ ਵਿਚ ਸਿਫ਼ਰ ਕਾਲ ਦੌਰਾਨ ਬੋਲਦਿਆਂ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਕਿਹਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015-16 ਦੇ ਬਜਟ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਖੇਤੀ ਵਿਚੋਂ ਬਾਹਰ ਕੱਢ ਕੇ ਬਾਗ਼ਬਾਨੀ ਵੱਲ ਵਧਾਉਣ ਲਈ ਪੰਜਾਬ ਵਿਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਦੀ ਸਥਾਪਨਾ ਕਰਨ ਦਾ ਫ਼ੈਸਲਾ ਕੀਤਾ ਸੀ, ਪਰ ਪਿਛਲੇ 10 ਸਾਲਾ ਤੋਂ ਇਹ ਪ੍ਰੋਜੈਕਟ ਰੁਕਿਆ ਹੋਇਆ ਹੈ। ਆਈਸੀਏਆਰ ਵੱਲੋਂ ਜ਼ਮੀਨ ਮਿਲਣ ਅਤੇ ਸਮਾਜਿਕ ਪ੍ਰਭਾਵ ਮੁੱਲਾਂਕਣ ਦੇ ਬਾਵਜੂਦ ਇਕ ਦਹਾਕੇ ਤੱਕ ਸਮਾਂ ਬਰਬਾਦ ਕੀਤਾ ਗਿਆ। ਅੱਜ 2026 ਵਿਚ ਜਦੋਂ ਅਸੀਂ ਵਿਕਸਿਤ ਭਾਰਤ ਵੱਲ ਵਧ ਰਹੇ ਹਾਂ, ਤਾਂ ਬਦਕਿਸਮਤੀ ਦੇ ਨਾਲ 10 ਸਾਲ ਪੁਰਾਣੀ ਯੋਜਨਾ ਅੱਜ ਦੀਆਂ ਨਵੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਲਈ ਕਾਫ਼ੀ ਨਹੀਂ ਹੈ। ਇਸ ਦੇ ਨਾਲ ਹੀ ਐੱਮਪੀ ਸੰਧੂ ਨੇ ਇਹ ਵੀ ਕਿਹਾ, ਮੌਜੂਦਾ ਸਮੇਂ ਵਿਚ ਪੰਜਾਬ ’ਚ 7 ਫ਼ੀਸਦੀ ਤੋਂ ਵੀ ਘੱਟ ਜ਼ਮੀਨ ਤੇ ਬਾਗ਼ਬਾਨੀ ਹੋ ਰਹੀ ਹੈ। ਸਾਲ 2011 ਵਿਚ ਬਾਗ਼ਬਾਨੀ ਤੋਂ ਕਿਸਾਨਾਂ ਨੂੰ 6,267 ਕਰੋੜ ਦੀ ਆਮਦਨ ਹੋਈ ਸੀ, ਜੋ ਹਾਲੀਆ ਸਮੇਂ ਵਿਚ ਵਧ ਕੇ 26,580 ਕਰੋੜ ਨੂੰ ਪਾਰ ਕਰ ਚੁੱਕੀ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿਚ ਬਾਗ਼ਬਾਨੀ ਨੂੰ ਲੈਕੇ ਅਪਾਰ ਸੰਭਾਵਨਾਵਾਂ ਹਨ। ਪੰਜਾਬ ਦਾ ਕਿਸਾਨ ਬਾਗ਼ਬਾਨੀ ਨੂੰ ਅਪਣਾ ਰਿਹਾ ਹੈ, ਜੇਕਰ ਸੂਬੇ ਵਿਚ ਇਸ ਕਿੱਤੇ ਨੂੰ ਹੁਲਾਰਾ ਦਿੱਤਾ ਜਾਵੇ ਤਾਂ ਕਿਸਾਨ ਰਵਾਇਤੀ ਖੇਤੀ ਵਿਚੋਂ ਬਾਹਰ ਨਿਕਲ ਸਕਦੇ ਹਨ। ਐੱਮਪੀ ਸੰਧੂ ਨੇ ਅੱਗੇ ਕਿਹਾ, ਪੰਜਾਬ ਵਿਚ ਹਾਰਟੀਕਲਚਰ ਯੂਨੀਵਰਸਿਟੀ ਬਣਾਉਣ ਨਾਲ ਕਾਫ਼ੀ ਫ਼ਾਇਦਾ ਹੋਵੇਗਾ ਕਿਉਂਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਯੂਰਪੀਅਨ ਯੂਨੀਅਨ ਨਾਲ ਇਸੇ ਹਫ਼ਤੇ ਵੱਡਾ ਵਪਾਰਕ ਸਮਝੌਤਾ ਵੀ ਕੀਤਾ ਹੈ, ਜਿਸ ਨੂੰ ਪੂਰੀ ਦੁਨੀਆ ਮਦਰ ਆਫ਼ ਆਲ ਡੀਲਜ਼ ਕਹਿ ਰਹੀ ਹੈ, ਇਸ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੀ ਵਿਦੇਸ਼ਾਂ ਵਿਚ ਨਿਰਯਾਤ ਕਰਨ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ। ਕੇਂਦਰੀ ਬਾਗ਼ਬਾਨੀ ਯੂਨੀਵਰਸਿਟੀ ਕਿਸਾਨਾਂ ਨੂੰ ਵਿਦੇਸ਼ਾਂ ਵਿਚ ਆਪਣੀ ਫ਼ਸਲ ਨਿਰਯਾਤ ਕਰਨ ਦੇ ਯੋਗ ਬਣਾਵੇਗੀ। ਇਸ ਦੇ ਨਾਲ ਨਾ ਸਿਰਫ਼ ਪੰਜਾਬ ਦੇ ਕਿਸਾਨ ਆਰਥਿਕ ਰੂਪ ਵਿਚ ਮਜ਼ਬੂਤ ਅਤੇ ਆਤਮ ਨਿਰਭਰ ਬਣਨਗੇ, ਸਗੋਂ ਵਿਕਸਿਤ ਭਾਰਤ ਦਾ ਟੀਚਾ ਵੀ ਪੂਰਾ ਹੋਵੇਗਾ। ਯੂਨੀਵਰਸਿਟੀ ਬਣਨ ਨਾਲ ਇੱਥੇ ਕੌਮਾਂਤਰੀ ਪੱਧਰ ਦੀਆਂ ਟੈਸਟਿੰਗ ਲੈਬ ਅਤੇ ਨਿਰਯਾਤ ਸਰਟੀਫ਼ਿਕੇਸ਼ਨ ਕੇਂਦਰ ਸਥਾਪਤ ਹੋਣਗੇ, ਜਿਸ ਨਾਲ ਪੰਜਾਬ ਗਲੋਬਲ ਬਾਜ਼ਾਰ ਵਿਚ ਉੱਤਰਨ ਲਈ ਸਮਰੱਥ ਬਣ ਜਾਵੇਗਾ।