ਸੰਸਦ ਮੈਂਬਰ ਸਤਨਾਮ ਸੰਧੂ ਵੱਲੋਂ ‘ਸੇਵਾ ਔਰ ਸਪਨੇ’ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ ਸੰਸਦ ਮੈਂਬਰ ਸਤਨਾਮ ਸੰਧੂ ਵੱਲੋਂ 'ਸੇਵਾ ਔਰ ਸਪਨੇ' ਮੁਕਾਬਲੇ ਦੇ ਜੇਤੂਆਂ ਦਾ ਸਨਮਾਨ
Publish Date: Tue, 13 Oct 2026 06:40 PM (IST)
Updated Date: Tue, 13 Oct 2026 06:42 PM (IST)
-ਭਾਜਪਾ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਲੋੜ ’ਤੇ ਜ਼ੋਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਦੇਸ਼ ਨਿਰਮਾਣ ’ਚ ਜਨਤਕ ਸੇਵਾ, ਸਮਾਜਿਕ ਜ਼ਿੰਮੇਵਾਰੀ ਅਤੇ ਨਾਗਰਿਕਾਂ ਦੀ ਭਾਗੀਦਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੇਸ਼ਵਿਆਪੀ ‘ਸੇਵਾ ਸੰਕਲਪ ਅਭਿਆਨ, ਸੇਵਾ ਮੇਰਾ ਯੋਗਦਾਨ’ ਤਹਿਤ ਸੈਕਰਡ ਸੋਲਜ਼ ਸਕੂਲ ਘੜੂੰਆਂ ਵਿਚ ‘ਸੇਵਾ ਔਰ ਸਪਨੇ’ ਵਿਸ਼ੇ ’ਤੇ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਪਿੰਡ ਮੌਲੀ ਕਲਾਂ ਸਥਿਤ ਵੀਰ ਫਾਊਂਡੇਸ਼ਨ ਨਸ਼ਾ ਛੁਡਾਊ ਕੇਂਦਰ ਵਿਖੇ ਮਰੀਜ਼ਾਂ ਦੀ ਸਹਾਇਤਾ ਵੀ ਕੀਤੀ ਗਈ। ਉਨ੍ਹਾਂ ਨੇ ਭਾਜਪਾ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਤੋਂ ਇਲਾਵਾ ਸੈਕਰਡ ਸੋਲਜ਼ ਸਕੂਲ ਦੇ ਡਾਇਰੈਕਟਰ ਡੀਪੀ ਸਿੰਘ, ਪ੍ਰਿੰਸੀਪਲ ਡਾ. ਸਿਮਰਨ ਕੌਰ ਢਿੱਲੋਂ ਅਤੇ ਹੋਰ ਪਤਵੰਤੇ ਹਾਜ਼ਰ ਸਨ। ਉਨ੍ਹਾਂ ਵਿਦਿਆਰਥੀਆਂ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਨਾਗਰਿਕ ਜ਼ਿੰਮੇਵਾਰੀ ਅਤੇ ਸਮਾਜ ਸੇਵਾ ਦੇ ਮਹੱਤਵ ਦਾ ਸੰਦੇਸ਼ ਦਿੱਤਾ। ਸੈਕਰਡ ਸੋਲਜ਼ ਸਕੂਲ ਵਿਖੇ ਐੱਮਪੀ ਸੰਧੂ ਨੇ ਆਰਟ ਗੈਲਰੀ ਦਾ ਦੌਰਾ ਕੀਤਾ, ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੇਖੀਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮਗਰੋਂ ਸਤਨਾਮ ਸੰਧੂ ਨੇ ਵੀਰ ਫਾਊਂਡੇਸ਼ਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਸੰਸਥਾ ਐੱਮਡੀ ਰਾਜਬੀਰ ਸਿੰਘ ਨੂੰ ਮਿਲਣ ਤੋਂ ਬਾਅਦ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਲਗਭਗ 40 ਮਰੀਜ਼ਾਂ ਲਈ ਬੈੱਡਸ਼ੀਟਾਂ ਦਾਨ ਕੀਤੀਆਂ। ਉਨ੍ਹਾਂ ਕਿਹਾ, “ਵਿਕਸਿਤ ਭਾਰਤ ਦਾ ਉਦੇਸ਼ ਸਿਰਫ਼ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਨਹੀਂ ਹੈ ਅਤੇ ਨਾ ਹੀ ਸ਼ਾਨਦਾਰ ਹਾਈਵੇਅ ਬਣਾਉਣਾ ਹੀ ਵਿਕਸਿਤ ਭਾਰਤ ਦਾ ਅਸਲ ਟੀਚਾ ਨਹੀਂ ਹੈ। ਇਹ ਟੀਚਾ ਉਦੋਂ ਹੀ ਪ੍ਰਾਪਤ ਹੋਵੇਗਾ, ਜਦੋਂ ਲੋਕਾਂ ਦੇ ਜੀਵਨ ’ਚ ਸੁਧਾਰ ਆਵੇਗਾ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਵਿਜ਼ਨ ਦਿੱਤਾ ਹੈ, ਪਰ ਇਸ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਭਾਸ਼ਣ ਮੁਕਾਬਲੇ ਦੇ ਵਰਗ-1 ’ਚ ਦਸਵੀਂ ਦੀ ਹਿਨਾਇਤ ਕੌਰ ਨੇ ਪਹਿਲਾ, ਸਿਫ਼ਤਾਨੰਤ ਕੌਰ ਨੇ ਦੂਜਾ ਅਤੇ ਨੌਵੀਂ ਜਮਾਤ ਦੀ ਮਨਸੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਰਗ-2 ’ਚ ਬਾਰ੍ਹਵੀਂ ਦੀ ਪਰਨੀਤ ਕੌਰ ਪਹਿਲੇ, ਜਪਲੀਨ ਕੌਰ ਨੇ ਦੂਜੇ ਅਤੇ ਤਨਿਸ਼ਕਾ ਤੀਜੇ ਸਥਾਨ ’ਤੇ ਰਹੀ। ਗਿਆਰ੍ਹਵੀਂ ਦੇ ਅਮਿਤੋਜ ਸਿੰਘ ਨੂੰ ਹੌਸਲਾ ਵਧਾਊ ਇਨਾਮ ਦਿੱਤਾ। ਇਨ੍ਹਾਂ ਮੁਕਾਬਲਿਆਂ ’ਚ ‘ਵਿਕਸਿਤ ਭਾਰਤ’ ਦੀ ਉਸਾਰੀ ’ਚ ਨੌਜਵਾਨਾਂ ਦੀ ਭੂਮਿਕਾ, ਲੜਕੀਆਂ ਦੀ ਸਿੱਖਿਆ, ਔਰਤਾਂ ਦੀ ਭਾਗੀਦਾਰੀ ਅਤੇ ਸੇਵਾ ਰਾਹੀਂ ਸਮਾਜਿਕ ਤਬਦੀਲੀ ਲਿਆਉਣ ’ਚ ਨਾਗਰਿਕਾਂ ਦੀ ਜ਼ਿੰਮੇਵਾਰੀ ਵਰਗੇ ਵਿਸ਼ਿਆਂ ਨੂੰ ਉਭਾਰਿਆ ਗਿਆ। ਪੋਸਟਰ ਮੇਕਿੰਗ ਮੁਕਾਬਲੇ ਦੌਰਾਨ ਸ਼੍ਰੇਣੀ ‘ਏ’ ਚ ਛੇਵੀਂ ਦੀ ਪਰਹਾਨ ਸ਼ਰਮਾ ਨੇ ਪਹਿਲਾ, ਅੱਠਵੀਂ ਦੀ ਨਵਦੀਪ ਕੌਰ ਮਾਵੀ ਨੇ ਦੂਜਾ ਅਤੇ ਜਸਨੀਵ ਕੌਰ ਨੂੰ ਤੀਜਾ ਅਤੇ ਹੌਸਲਾ ਅਫਜਾਈ ਇਨਾਮ ਛੇਵੀਂ ਦੇ ਮਨਰਾਜ ਸਿੰਘ ਅਤੇ ਸਾਈ ਧਰੁਵ ਨੂੰ ਦਿੱਤਾ। ਸ਼੍ਰੇਣੀ ‘ਬੀ’ ਚ ਦਸਵੀਂ ਦੀ ਅਕਾਲਪ੍ਰੀਤ ਕੌਰ, ਤਨਵੀਰ ਕੌਰ ਅਤੇ ਸਾਹਿਬ ਸਿੰਘ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜੇ ਸਥਾਨ ’ਤੇ ਰਹੇ। ਸ਼੍ਰੇਣੀ ‘ਸੀ’ ਵਿਚ ਗਿਆਰ੍ਹਵੀਂ ਦੀ ਜਸਕੀਰਤ ਕੌਰ ਨੇ ਪਹਿਲਾ, ਬਾਰ੍ਹਵੀਂ ਦੀ ਮੰਨਤਪ੍ਰੀਤ ਕੌਰ ਨੇ ਦੂਜਾ ਅਤੇ ਤਨਿਸ਼ਕਾ ਨੇ ਤੀਜਾ ਸਥਾਨ ਹਾਸਲ ਕੀਤਾ।