ਐੱਮਪੀ ਕੰਗ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ, ਮਸਤਗੜ੍ਹ ਨੂੰ ਪਾਣੀ ਵਾਲਾ ਟੈਂਕਰ ਦਿੱਤਾ
ਐੱਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ, ਮਸਤਗੜ੍ਹ ਨੂੰ ਪਾਣੀ ਵਾਲਾ ਟੈਂਕਰ ਦਿੱਤਾ
Publish Date: Mon, 23 Feb 2026 06:24 PM (IST)
Updated Date: Mon, 23 Feb 2026 06:28 PM (IST)

ਮਹਿਰਾ, ਪੰਜਾਬੀ ਜਾਗਰਣ ਖਰੜ : ਮਾਲਵਿੰਦਰ ਸਿੰਘ ਕੰਗ ਮੈਂਬਰ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਸੰਸਦੀ ਹਲਕਾ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਪਲਹੇੜੀ ਵਿਖੇ ਪਿੰਡ ਦੀ ਫਿਰਨੀ ਅਤੇ ਓਪਨ ਜਿਮ ਦਾ ਉਦਘਾਟਨ ਕੀਤਾ ਗਿਆ, ਜਦਕਿ ਪਿੰਡ ਮੱਛਲੀ ਕਲਾਂ ਵਿਖੇ ਵੀ ਓਪਨ ਜਿਮ ਦਾ ਉਦਘਾਟਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਪਿੰਡ ਪਲਹੇੜੀ ਵਿਚ 1823 ਫੁੱਟ ਲੰਬੀ ਫਿਰਨੀ ਦੇ ਨਿਰਮਾਣ ਲਈ ਮਨਰੇਗਾ ਵਿਚੋਂ ਅਤੇ ਪੰਚਾਇਤ ਫੰਡਾਂ ਵਿਚੋਂ ਲਗਭਗ 26 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ ਪਿੰਡ ਵਾਸੀਆਂ ਨੂੰ ਆਵਾਜਾਈ ਸਹੂਲਤਾਂ ਵਿਚ ਵੱਡਾ ਸੁਧਾਰ ਮਿਲੇਗਾ ਅਤੇ ਪਿੰਡ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪਿੰਡ ਮਸਤਗੜ੍ਹ ਲਈ ਤਿੰਨ ਲੱਖ ਰੁਪਏ ਦੀ ਲਾਗਤ ਵਾਲਾ ਪਾਣੀ ਦਾ ਟੈਂਕਰ ਵੀ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾਂ ਉਨ੍ਹਾਂ ਪਿੰਡ ਰੁੜਕੀ ਖਾਮ ਵਿਖੇ ਕੱਚੀ ਨਦੀ ’ਤੇ ਬਣੇ ਪੁਲ਼ ਦਾ ਵੀ ਜਾਇਜ਼ਾ ਲਿਆ, ਜੋ ਕਿ ਪਿਛਲੇ ਆਏ ਹੜ੍ਹਾਂ ਦੌਰਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਉਨ੍ਹਾਂ ਪਿੰਡ ਦੇ ਲੋਕਾਂ ਦੀਆਂ ਆਵਾਜਾਈ ਨੂੰ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇਹ ਪੁਲ਼ ਜਲਦੀ ਹੀ ਬਣਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਐੱਮਪੀ ਲੈਡ ਫੰਡ ਵਿਚੋਂ ਪਿੰਡ ਪਲਹੇੜੀ ਅਤੇ ਮੱਛਲੀ ਕਲਾਂ ਵਿਖੇ ਕੁੱਲ 6 ਲੱਖ ਰੁਪਏ ਦੀ ਲਾਗਤ ਨਾਲ ਓਪਨ ਜਿਮਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਵੱਖ-ਵੱਖ ਪਿੰਡਾਂ ਵਿਚ ਐੱਮਪੀ ਲੈਡ ਫੰਡ ਵਿਚੋਂ ਲੋਕ ਸਭਾ ਹਲਕੇ ਦੇ ਹਰੇਕ ਪਿੰਡ ਲਈ ਯੋਗਦਾਨ ਪਾਇਆ ਜਾਵੇ ਤਾਂ ਜੋ ਪਿੰਡਾਂ ਦੀਆਂ ਬੁਨਿਆਦੀ ਲੋੜਾਂ ਜਿਵੇਂ ਕਿ ਸ਼ਮਸ਼ਾਨਘਾਟ, ਧਰਮਸ਼ਾਲਾ, ਜਿਮ, ਫਲੱਡ ਲਾਈਟਾਂ ਅਤੇ ਖੇਡ ਮੈਦਾਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਦਾ ਆਪਣਾ ਜਿਮ ਹੋਵੇ, ਬਜ਼ੁਰਗਾਂ ਲਈ ਪਾਰਕ ਹੋਣ। ਇਨ੍ਹਾਂ ਓਪਨ ਜਿਮਾਂ ਦੀ ਸਥਾਪਨਾ ਨਾਲ ਨੌਜਵਾਨਾਂ ਅਤੇ ਹੋਰ ਪਿੰਡ ਵਾਸੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਣਾ ਮਿਲੇਗੀ ਅਤੇ ਖੇਡਾਂ ਪ੍ਰਤੀ ਰੁਝਾਨ ਵਧੇਗਾ। ਐੱਮਪੀ ਕੰਗ ਨੇ ਕਿਹਾ ਕਿ ਐੱਮਪੀ ਲੈਡ ਫੰਡ ਵਿਚੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਪਾਰਦਰਸ਼ੀ ਅਤੇ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਰਹੀ ਹੈ ਅਤੇ ਹਲਕੇ ਦੇ ਹਰ ਪਿੰਡ ਵਿਚ ਲੋੜ ਅਨੁਸਾਰ ਵਿਕਾਸ ਕਾਰਜ ਤਰਜੀਹ ਦੇ ਆਧਾਰ ’ਤੇ ਕਰਵਾਏ ਜਾ ਰਹੇ ਹਨ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ, ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।