ਹੰਸਾਂ ਪਾਰਕ ਨੇੜਲੇ ਪੁਲ਼ ’ਤੇ ਪਏ ਡੂੰਘੇ ਟੋਏ, ਮੁਰੰਮਤ ਦੀ ਮੰਗ ਸੜਕ ਦੀ ਖ਼ਸਤਾ ਹਾਲਤ ਕਾਰਨ ਵਾਹਨ ਚਾਲਕ ਪਰੇਸ਼ਾਨ,
Publish Date: Wed, 07 Oct 2026 07:25 PM (IST)
Updated Date: Wed, 07 Oct 2026 07:26 PM (IST)
ਸੜਕ ਦੀ ਖ਼ਸਤਾ ਹਾਲਤ ਕਾਰਨ ਵਾਹਨ ਚਾਲਕ ਪਰੇਸ਼ਾਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ-ਬਰਵਾਲਾ ਮੁੱਖ ਮਾਰਗ ’ਤੇ ਸਥਿਤ ਹੰਸਾਂ ਪਾਰਕ ਦੇ ਸਾਹਮਣੇ ਵਾਲੇ ਪੁਲ਼ ਵਿਚ ਪਏ ਡੂੰਘੇ ਟੋਇਆਂ ਕਾਰਨ ਵਾਹਨ ਚਾਲਕਾਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ-ਰਾਤ ਲੰਘਣ ਵਾਲੇ ਸੈਂਕੜੇ ਵਾਹਨਾਂ ਲਈ ਇਹ ਸੜਕ ਹੁਣ ਖ਼ਤਰੇ ਦਾ ਸਬੱਬ ਬਣ ਚੁੱਕੀ ਹੈ, ਪਰ ਪ੍ਰਸ਼ਾਸਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਥਾਨਕ ਨਿਵਾਸੀਆਂ ਅਤੇ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਬਰਵਾਲਾ ਰੋਡ ’ਤੇ ਦਿਨ-ਰਾਤ ਓਵਰਲੋਡ ਟਿੱਪਰ ਅਤੇ ਭਾਰੀ ਟਰੱਕ ਲੰਘਦੇ ਹਨ। ਇਨ੍ਹਾਂ ਅਣ-ਅਧਿਕਾਰਤ ਅਤੇ ਸਮਰੱਥਾ ਤੋਂ ਵੱਧ ਭਰੇ ਵਾਹਨਾਂ ਕਾਰਨ ਪੂਰੀ ਸੜਕ ਅਤੇ ਪੁਲ਼ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਹੰਸਾਂ ਪਾਰਕ ਦੇ ਬਿਲਕੁਲ ਸਾਹਮਣੇ ਬਣੇ ਪੁਲ਼ ਤੇ ਪਏ ਵੱਡੇ-ਵੱਡੇ ਟੋਇਆਂ ਕਾਰਨ ਅਕਸਰ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਰਾਤ ਦੇ ਸਮੇਂ ਜਾਂ ਧੁੰਦ ਦੌਰਾਨ ਇਹ ਟੋਏ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ, ਜਿਸ ਨਾਲ ਦੁਪਹੀਆ ਵਾਹਨ ਚਾਲਕਾਂ ਦੇ ਡਿੱਗ ਕੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਨ੍ਹਾਂ ਟੋਇਆਂ ਕਾਰਨ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੇ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਨ, ਪਰ ਹੁਣ ਤੱਕ ਸਿਰਫ਼ ਖੋਖਲੇ ਭਰੋਸੇ ਹੀ ਮਿਲੇ ਹਨ। ਸਥਾਨਕ ਪਿੰਡਾਂ ਦੇ ਵਸਨੀਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਵਾਲਾ ਰੋਡ ਅਤੇ ਹੰਸਾਂ ਪਾਰਕ ਸਾਹਮਣੇ ਵਾਲੇ ਪੁਲ਼ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।