ਡੇਰਾ ਜਗਾਧਰੀ ਵਿਚ ਖੜ੍ਹੇ ਮੋਟਰਸਾਈਕਲ ਦਾ ਹਿਮਾਚਲ ਵਿਚ ਕੱਟਿਆ ਚਾਲਾਨ
ਡੇਰਾ ਜਗਾਧਰੀ ਵਿਚ ਖੜ੍ਹੇ ਮੋਟਰਸਾਈਕਲ ਦਾ ਹਿਮਾਚਲ ਵਿਚ ਕੱਟਿਆ ਚਾਲਾਨ
Publish Date: Wed, 21 Jan 2026 08:28 PM (IST)
Updated Date: Wed, 21 Jan 2026 08:30 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਥਾਨਕ ਪਿੰਡ ਡੇਰਾ ਜਗਾਧਰੀ ਦੇ ਇਕ ਵਸਨੀਕ ਨਾਲ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉਸ ਦਾ ਮੋਟਰਸਾਈਕਲ ਘਰ ਦੇ ਵਿਹੜੇ ਵਿਚ ਖੜ੍ਹਾ ਸੀ, ਪਰ ਉਸ ਦਾ ਆਨਲਾਈਨ ਚਾਲਾਨ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਕੱਟ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਮੋਟਰਸਾਈਕਲ ਮਾਲਕ ਹੈਰਾਨੀ ਵਿਚ ਹੈ ਅਤੇ ਇਸ ਨੂੰ ਤਕਨੀਕੀ ਗ਼ਲਤੀ ਜਾਂ ਨੰਬਰ ਪਲੇਟ ਦੀ ਦੁਰਵਰਤੋਂ ਦਾ ਮਾਮਲਾ ਦੱਸ ਰਿਹਾ ਹੈ। ਪੀੜਤ ਵਿਅਕਤੀ ਮੇਘਰਾਜ ਪੁੱਤਰ ਜਵਾਲਾ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ ਨੇ ਦੱਸਿਆ ਕਿ ਉਸ ਨੂੰ ਬੀਤੀ ਦੇਰ ਰਾਤ ਮੋਬਾਈਲ ’ਤੇ ਇਕ ਮੈਸੇਜ ਪ੍ਰਾਪਤ ਹੋਇਆ, ਜਿਸ ਵਿਚ ਦੱਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਉਨਾ ਚੌਕ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਸ ਦੇ ਵਾਹਨ ਦਾ ਚਾਲਾਨ ਕੀਤਾ ਗਿਆ ਹੈ। ਪੀੜਤ ਵਿਅਕਤੀ ਮੁਤਾਬਕ ਮੋਟਰਸਾਈਕਲ ਨੰਬਰ ਪੀਬੀ 70 ਐੱਚ 7829 ਪਿਛਲੇ ਕਈ ਦਿਨਾ ਤੋਂ ਪਿੰਡ ਡੇਰਾ ਜਗਾਧਰੀ ਵਿਚ ਉਸ ਦੇ ਘਰ ਹੀ ਖੜ੍ਹਾ ਸੀ। ਉਸ ਦੇ ਮੋਟਰਸਾਈਕਲ ਦਾ ਚਾਲਾਨ ਹਿਮਾਚਲ ਪ੍ਰਦੇਸ਼ ਦੇ ਉਨਾ ਚੌਕ ਦਾ ਦਿਖਾਇਆ ਜਾ ਰਿਹਾ ਹੈ, ਜਦਕਿ ਵਾਹਨ ਨੇ ਜ਼ਿਲ੍ਹਾ ਮੁਹਾਲੀ ਦੀ ਸਰਹੱਦ ਵੀ ਪਾਰ ਨਹੀਂ ਕੀਤੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਹੋਰ ਵਾਹਨ ਚਾਲਕ ਨੇ ਜਾਅਲੀ ਨੰਬਰ ਪਲੇਟ ਲਗਾਈ ਹੋ ਸਕਦੀ ਹੈ ਜਾਂ ਫਿਰ ਟ੍ਰੈਫਿਕ ਕੈਮਰੇ ਦੀ ਰੀਡਿੰਗ ਵਿਚ ਕੋਈ ਤਕਨੀਕੀ ਨੁਕਸ ਹੋ ਸਕਦਾ ਹੈ। ਉਸ ਨੇ ਦੱਸਿਆ ਕਿ ਮੋਬਾਈਲ ਮੈਸੇਜ ਵਿਚ ਉਸ ਦੇ ਮੋਟਰਸਾਈਕਲ ਦੇ ਚਾਲਾਨ ਵਿਚ ਇਕ ਹਜ਼ਾਰ ਜੁਰਮਾਨਾ ਦਿਖਾਇਆ ਜਾ ਰਿਹਾ ਹੈ। ਵਾਹਨ ਮਾਲਕ ਨੇ ਪ੍ਰਸ਼ਾਸਨ ਅਤੇ ਸਬੰਧਤ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਚਾਲਾਨ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਉਸ ਦਾ ਕਹਿਣਾ ਹੈ ਕਿ ਜੇਕਰ ਕੋਈ ਹੋਰ ਵਿਅਕਤੀ ਉਸ ਦੇ ਵਾਹਨ ਦਾ ਨੰਬਰ ਵਰਤ ਰਿਹਾ ਹੈ, ਤਾਂ ਇਹ ਸੁਰੱਖਿਆ ਦੇ ਲਿਹਾਜ਼ ਨਾਲ ਵੀ ਖ਼ਤਰਨਾਕ ਹੋ ਸਕਦਾ ਹੈ। ਪੀੜਤ ਵਿਅਕਤੀ ਮੇਘਰਾਜ ਅਨੁਸਾਰ ਉਹ ਹਿਮਾਚਲ ਗਿਆ ਹੀ ਨਹੀਂ, ਫਿਰ ਚਾਲਾਨ ਕਿਵੇਂ ਹੋ ਗਿਆ? ਸਰਕਾਰ ਨੂੰ ਇਸ ਸਿਸਟਮ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਆਮ ਬੰਦੇ ਨੂੰ ਬਿਨਾਂ ਵਜ੍ਹਾ ਪਰੇਸ਼ਾਨੀ ਨਾ ਹੋਵੇ।