ਮਾਂ ਨੇ ਨਹੀਂ ਮੰਨੀ ਹਾਰ, ਅਣਜੰਮੇ ਬੱਚੇ ਦੇ ਹੱਕ ਲਈ 4 ਸਾਲ ਲੜੀ ਲੜਾਈ, ਹੁਣ ਭਰੂਣ ਨੂੰ ਮਿਲੀ ਕਾਨੂੰਨੀ ਮਾਨਤਾ ਹਾਦਸੇ ਵਿੱਚ ਮਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਹ ਇੱਕ ਹੱਥ ਤੋਂ 40 ਪ੍ਰਤੀਸ਼ਤ ਦਿਵਿਆਂਗ ਹੋ ਗਈ। ਇਲਾਜ ਅਤੇ ਦਵਾਈਆਂ ਕਾਰਨ ਗਰਭ ਵਿੱਚ ਪਲ ਰਹੇ ਬੱਚੇ ਨੂੰ ਖ਼ਤਰਾ ਪੈਦਾ ਹੋ ਗਿਆ। ਹਾਲਾਤ ਅਜਿਹੇ ਬਣ ਗਏ ਕਿ ਮਾਂ ਨੂੰ ਗਰਭਪਾਤ ਕਰਵਾਉਣਾ ਪਿਆ।
Publish Date: Tue, 08 Sep 2026 09:33 AM (IST)
Updated Date: Tue, 08 Sep 2026 09:34 AM (IST)
ਰਵੀ ਅਟਵਾਲ, ਪੰਜਾਬੀ ਜਾਗਰਣ, ਚੰਡੀਗੜ੍ਹ। ਉਹ ਕਹਿੰਦੇ ਹਨ ਨਾ ਕਿ ਉੱਪਰ ਭਗਵਾਨ ਹੈ ਤਾਂ ਹੇਠਾਂ ਧਰਤੀ 'ਤੇ ਉਸ ਦਾ ਰੂਪ ਮਾਂ ਹੈ। ਇੱਕ ਮਾਂ ਆਪਣੀ ਔਲਾਦ ਲਈ ਕੁਝ ਵੀ ਕਰ ਸਕਦੀ ਹੈ, ਪਰ ਜ਼ਰਾ ਸੋਚੋ ਕਿ ਉਦੋਂ ਕੀ ਹੋਵੇ ਜਦੋਂ ਗਰਭ ਵਿੱਚ ਪਲ ਰਿਹਾ ਬੱਚਾ ਕਿਸੇ ਦੀ ਗਲਤੀ ਦੀ ਭੇਟ ਚੜ੍ਹ ਜਾਵੇ। ਜੀ ਹਾਂ, 4 ਸਾਲ ਪਹਿਲਾਂ ਖੰਨਾ ਨੇੜੇ ਹੋਏ ਸੜਕ ਹਾਦਸੇ ਨੇ ਇੱਕ ਜੋੜੇ ਤੋਂ ਉਨ੍ਹਾਂ ਦੇ ਅਣਜੰਮੇ ਬੱਚੇ ਦੀ ਉਮੀਦ ਖੋਹ ਲਈ ਸੀ।
ਹਾਦਸੇ ਵਿੱਚ ਮਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਹ ਇੱਕ ਹੱਥ ਤੋਂ 40 ਪ੍ਰਤੀਸ਼ਤ ਦਿਵਿਆਂਗ ਹੋ ਗਈ। ਇਲਾਜ ਅਤੇ ਦਵਾਈਆਂ ਕਾਰਨ ਗਰਭ ਵਿੱਚ ਪਲ ਰਹੇ ਬੱਚੇ ਨੂੰ ਖ਼ਤਰਾ ਪੈਦਾ ਹੋ ਗਿਆ। ਹਾਲਾਤ ਅਜਿਹੇ ਬਣ ਗਏ ਕਿ ਮਾਂ ਨੂੰ ਗਰਭਪਾਤ ਕਰਵਾਉਣਾ ਪਿਆ।
ਅਣਜੰਮੇ ਬੱਚੇ ਨੂੰ ਮਿਲਿਆ ਕਾਨੂੰਨੀ ਹੱਕ ਆਪਣੇ ਅਣਜੰਮੇ ਬੱਚੇ ਨੂੰ ਉਸ ਦਾ ਕਾਨੂੰਨੀ ਹੱਕ ਦਿਵਾਉਣ ਲਈ ਮਾਂ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚਾਰ ਸਾਲ ਕੇਸ ਲੜਿਆ। ਹੁਣ ਆਖਿਰਕਾਰ ਅਦਾਲਤ ਨੇ ਅਣਜੰਮੇ ਬੱਚੇ ਨੂੰ ਕਾਨੂੰਨੀ ਮਾਨਤਾ ਦਿੰਦੇ ਹੋਏ ਪੀੜਤ ਜੋੜੇ ਨੂੰ 1.80 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ ਹੈ।
ਕਦੋਂ ਹੋਇਆ ਸੀ ਹਾਦਸਾ? ਦੱਸ ਦੇਈਏ ਕਿ ਇਹ ਹਾਦਸਾ 8 ਜੂਨ 2022 ਦੀ ਸਵੇਰ ਨੂੰ ਵਾਪਰਿਆ ਸੀ। ਜ਼ੀਰਕਪੁਰ ਨਿਵਾਸੀ ਨੇਹਾ ਗਰਗ ਆਪਣੇ ਪਤੀ ਅਮੂਲਿਆ ਗੁਪਤਾ, ਸੱਸ ਅਤੇ ਸਹੁਰੇ ਨਾਲ ਕਾਰ 'ਚ ਮੋਗਾ ਜਾ ਰਹੀ ਸੀ। ਖੰਨਾ ਨੇੜੇ ਜੀ.ਟੀ. ਰੋਡ 'ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਨੇਹਾ ਸਮੇਤ ਪੂਰਾ ਪਰਿਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਹਾਦਸੇ ਦੇ ਸਮੇਂ ਨੇਹਾ ਛੇ ਹਫ਼ਤੇ ਅਤੇ ਚਾਰ ਦਿਨ ਦੀ ਗਰਭਵਤੀ ਸੀ। ਇਲਾਜ ਦੌਰਾਨ ਡਾਕਟਰ ਨੂੰ ਲੱਗਿਆ ਕਿ ਗਰਭ ਜਾਰੀ ਰੱਖਣਾ ਜੋਖਮ ਭਰਿਆ ਹੋਵੇਗਾ।
ਡਾਕਟਰਾਂ ਦੀ ਸਲਾਹ 'ਤੇ ਕਰਵਾਉਣਾ ਪਿਆ ਗਰਭਪਾਤ ਇਸ ਤੋਂ ਇਲਾਵਾ ਦਵਾਈਆਂ ਅਤੇ ਰੇਡੀਏਸ਼ਨ ਕਾਰਨ ਭਰੂਣ ਵਿੱਚ ਗੰਭੀਰ ਨੁਕਸ ਪੈਦਾ ਹੋਣ ਦਾ ਖ਼ਤਰਾ ਸੀ। ਡਾਕਟਰਾਂ ਦੀ ਸਲਾਹ 'ਤੇ 20 ਜੂਨ 2022 ਨੂੰ ਨੇਹਾ ਨੂੰ ਗਰਭਪਾਤ ਕਰਵਾਉਣਾ ਪਿਆ। ਇਸ ਨੁਕਸਾਨ ਲਈ ਉਨ੍ਹਾਂ ਨੇ ਡਰਾਈਵਰ ਦਿੱਲੀ ਨਿਵਾਸੀ ਵਿਸ਼ਵਨਾਥ ਸਿੰਘ ਅਤੇ ਲਿਬਰਟੀ ਜਨਰਲ ਇੰਸ਼ੋਰੈਂਸ ਕੰਪਨੀ ਖ਼ਿਲਾਫ਼ ਚੰਡੀਗੜ੍ਹ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ।