ਮੈਗਾ ਹੈਲਥ ਕੈਂਪ ਦੌਰਾਨ 100 ਤੋਂ ਵੱਧ ਲੋਕਾਂ ਨੇ ਕਰਵਾਈ ਜਾਂਚ
ਮੈਗਾ ਹੈਲਥ ਕੈਂਪ ਦੌਰਾਨ 100 ਤੋਂ ਵੱਧ ਲੋਕਾਂ ਨੇ ਕਰਵਾਈ ਜਾਂਚ
Publish Date: Thu, 22 Jan 2026 08:38 PM (IST)
Updated Date: Thu, 22 Jan 2026 08:39 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੀਰਵਾਰ ਨੂੰ ਪਰਨੋਡ ਰਿਕਾਰਡ ਇੰਡੀਆ ਫਾਊਂਡੇਸ਼ਨ ਅਤੇ ਅੰਬੁਜਾ ਫਾਊਂਡੇਸ਼ਨ ਵੱਲੋਂ ਵਾਰਡ ਨੰ. 27 ਵਿਚ ਪ੍ਰੋਜੈਕਟ ਸਜਗ ਦੇ ਤਹਿਤ ਇਕ ਵਿਸ਼ਾਲ ਮੈਗਾ ਹੈਲਥ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਆਧੁਨਿਕ ਸਿਹਤ ਸਹੂਲਤਾਂ ਰਾਹੀਂ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ, ਜੋ ਇਲਾਕਾ ਨਿਵਾਸੀਆਂ ਲਈ ਕਾਫ਼ੀ ਮਦਦਗਾਰ ਸਾਬਤ ਹੋਈ। ਮੁਫ਼ਤ ਜਾਂਚ ਅਤੇ ਇਲਾਜ ਦੀ ਸਹੂਲਤ ਕੈਂਪ ਦੌਰਾਨ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦੀ ਜਾਂਚ, ਬਲੱਡ ਪ੍ਰੈਸ਼ਰ, ਸ਼ੂਗਰ, ਸੀਓਪੀਡੀ (ਫੇਫੜਿਆਂ ਦੀ ਬਿਮਾਰੀ) ਅਤੇ ਈਸੀਜੀ ਵਰਗੀਆਂ ਮਹੱਤਵਪੂਰਨ ਜਾਂਚਾਂ ਬਿਲਕੁਲ ਮੁਫ਼ਤ ਕੀਤੀਆਂ ਗਈਆਂ। 100 ਤੋਂ ਵੱਧ ਸਥਾਨਕ ਨਿਵਾਸੀਆਂ ਨੇ ਇਸ ਸੁਵਿਧਾ ਦਾ ਲਾਭ ਲਿਆ। ਫਾਊਂਡੇਸ਼ਨ ਵੱਲੋਂ ਨਾ ਸਿਰਫ਼ ਜਾਂਚ ਕੀਤੀ ਗਈ, ਸਗੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਅੱਖਾਂ ਦੀ ਜਾਂਚ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਮੌਕੇ ਤੇ ਹੀ ਮੁਫ਼ਤ ਚਸ਼ਮੇ ਵੀ ਵੰਡੇ ਗਏ। ਸਿਹਤ ਅਤੇ ਸੁਰੱਖਿਆ ਪ੍ਰਤੀ ਜਾਗਰੂਕਤਾ ਕੈਂਪ ਵਿਚ ਵਿਸ਼ੇਸ਼ ਤੌਰ ਤੇ ਪਹੁੰਚੀ ਵਾਰਡ ਕੌਂਸਲਰ ਰੇਨੂ ਨਹਿਰੂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਵਰਦਾਨ ਸਾਬਤ ਹੁੰਦੇ ਹਨ। ਇਸ ਮੌਕੇ ਸਿਰਫ਼ ਸਰੀਰਕ ਜਾਂਚ ਹੀ ਨਹੀਂ, ਸਗੋਂ ਔਰਤਾਂ ਨੂੰ ਬ੍ਰੈਸਟ ਕੈਂਸਰ ਸਬੰਧੀ ਅਤੇ ਆਮ ਲੋਕਾਂ ਨੂੰ ਸੜਕੀ ਸੁਰੱਖਿਆ (ਰੋਡ ਸੇਫਟੀ) ਦੇ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਅੰਬੁਜਾ ਫਾਊਂਡੇਸ਼ਨ ਦੇ ਸੁਪਰਵਾਈਜ਼ਰ ਸੂਰਜ ਕੁਮਾਰ ਨੇ ਭਰੋਸਾ ਦਿੱਤਾ ਕਿ ਇਹ ਸਿਲਸਿਲਾ ਰੁਕੇਗਾ ਨਹੀਂ ਅਤੇ ਹਰ ਮਹੀਨੇ ਅਜਿਹੇ ਕੈਂਪ ਲਗਾਏ ਜਾਣਗੇ। ਮਾਹਰਾਂ ਦੀਆਂ ਸੇਵਾਵਾਂ ਕੈਂਪ ਦੀ ਸਫ਼ਲਤਾ ਵਿਚ ਸਰਕਾਰੀ ਡਿਸਪੈਂਸਰੀ ਦੇ ਡਾ. ਸੁਰਿੰਦਰ ਸਿੰਘ, ਅੱਖਾਂ ਦੇ ਮਾਹਰ ਡਾ. ਯਸ਼, ਸੀਓਪੀਡੀ ਦੇ ਮਾਹਰ ਡਾ. ਵਿਕਰਮ ਅਤੇ ਗਾਇਨੀ ਡਾ. ਗੀਤਾ ਮਹਿਤਾ ਨੇ ਅਹਿਮ ਭੂਮਿਕਾ ਨਿਭਾਈ। ਪ੍ਰਬੰਧਕੀ ਟੀਮ ਵਿਚ ਬਲਜਿੰਦਰ ਕੌਰ, ਆਸ਼ਾ ਵਰਕਰ ਸਿਮਰਨ, ਫਾਰਮਾਸਿਸਟ ਹਰਸ਼ ਅਤੇ ਸੁਪਰਵਾਈਜ਼ਰ ਨੇ ਆਪਣੀਆਂ ਸੇਵਾਵਾਂ ਨਾਲ ਕੈਂਪ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।