ਮਿਆਰੀ ਪ੍ਰਾਇਮਰੀ ਸਿੱਖਿਆ ਲਈ ਵੱਧ ਸਹੂਲਤਾਂ ਦੀ ਜ਼ਰੂਰਤ : ਡਾ. ਮੁਲਤਾਨੀ
ਮਿਆਰੀ ਪ੍ਰਾਇਮਰੀ ਸਿੱਖਿਆ ਲਈ ਵੱਧ ਸਹੂਲਤਾਂ ਦੀ ਜ਼ਰੂਰਤ : ਡਾ. ਮੁਲਤਾਨੀ
Publish Date: Thu, 19 Feb 2026 05:44 PM (IST)
Updated Date: Thu, 19 Feb 2026 05:45 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸਮਾਜ ਸੇਵੀ ਸੰਸਥਾ ਸ਼ੈੱਲਟਰ ਚੈਰੀਟੇਬਲ ਟਰੱਸਟ (ਰਜਿ:) ਸੁਸਾਇਟੀ) ਲਾਲੜੂ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਪਿਛਲੇ ਤੀਹ ਸਾਲਾਂ ਤੋਂ ਚੱਲਦੀ ਸਹਿਯੋਗ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਹੰਡੇਸਰਾ, ਜਾਸਤਨਾਂ ਕਲਾਂ ਤੇ ਰਾਣੀ ਮਾਜਰਾ ਨੂੰ ਸਾਫ਼ ਪਾਣੀ ਲਈ ਆਰਓ ਦਿੱਤੇ ਗਏ। ਸਰਕਾਰੀ ਪ੍ਰਾਇਮਰੀ ਸਕੂਲ ਜੰਡਲੀ ਨੂੰ ਲਾਈਟਾਂ ਅਤੇ ਆਂਗਨਵਾੜੀ ਸੈਂਟਰ ਜੰਡਲੀ ਨੂੰ ਰਿਕਾਰਡ ਸੰਭਾਲ ਲਈ ਅਲਮਾਰੀ ਦਾਨ ਵਜੋਂ ਦਿੱਤੀ। ਸਿਵਲ ਸਰਜਨ (ਰਿਟਾ.) ਅਤੇ ਸੰਸਥਾ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਸਾਫ਼ ਪਾਣੀ ਲਈ ਸ਼ੈੱਲਟਰ ਵੱਲੋਂ ਕਈ ਸਰਕਾਰੀ ਸਕੂਲਾਂ ਨੂੰ ਸਬਮਰਸੀਬਲ ਅਤੇ ਆਰਓ ਪਹਿਲਾਂ ਵੀ ਦਿੱਤੇ ਗਏ ਹਨ ਤਾਂ ਕਿ ਬੱਚਿਆਂ ਦੀ ਸਿਹਤ ਤੰਦਰੁਸਤ ਰਹੇ। ਸ਼ੈੱਲਟਰ ਵੱਲੋਂ ਸੁਰੱਖਿਅਤ ਸਕੂਲਾਂ ਲਈ ਚਲਾਈ ਮੁਹਿੰਮ ਤਹਿਤ ਡੇਰਾਬੱਸੀ ਬਲਾਕ ਦੇ ਤਕਰੀਬਨ ਸਾਰੇ ਸਕੂਲਾਂ ਅਤੇ ਕਈ ਹੋਰ ਬਲਾਕਾਂ ਦੇ ਸਕੂਲਾਂ ਨੂੰ ਧੂੰਆਂ ਮੁਕਤੀ ਲਈ ਸਾਮਾਨ ਦਿੱਤਾ ਜਾ ਚੁੱਕਿਆ ਹੈ। ਡਾ. ਮੁਲਤਾਨੀ ਨੇ ਕਿਹਾ ਕਿ ਲੋੜਵੰਦ ਸਕੂਲਾਂ ਵਿਚ ਇਹ ਸੇਵਾਵਾਂ ਭਵਿੱਖ ਵਿਚ ਵੀ ਚਲਦੀਆਂ ਰਹਿਣਗੀਆਂ। ਡਾ. ਮੁਲਤਾਨੀ ਨੇ ਦੱਸਿਆ ਕਿ ਬੱਚਿਆਂ ਦੀ ਚੰਗੀ ਸਿਹਤ ਦਾ ਧਿਆਨ ਰੱਖ ਕੇ ਹੀ ਚੰਗੀ ਪੜ੍ਹਾਈ ਦੀ ਆਸ ਕੀਤੀ ਜਾ ਸਕਦੀ ਹੈ, ਕਿਉਂਕਿ “ ਸਵਾਸਥ ਦਿਮਾਗ ਸਵਾਸਥ ਸਰੀਰ ਵਿਚ ਹੀ ਹੋ ਸਕਦਾ। ਡਾ. ਮੁਲਤਾਨੀ ਨੇ ਸਰਕਾਰ ਨੂੰ ਬੇਨਤੀ ਕੀਤੀ ਪ੍ਰਾਇਮਰੀ ਸਕੂਲਾਂ ਨੂੰ ਵੱਧ ਤੋਂ ਵੱਧ ਮਿਆਰੀ ਸਿੱਖਿਆ ਲਈ ਸਹੂਲਤਾਂ ਦਿੱਤੀਆਂ ਜਾਣ ਕਿਉਂਕਿ ਜੇਕਰ ਬੱਚਿਆਂ ਦੀ ਪੜ੍ਹਾਈ ਦੀ ਜੜ੍ਹ ਪੱਕੀ ਬਣ ਗਈ ਤਾਂ ਅਗਲੀ ਪੜ੍ਹਾਈ ਸੌਖੀ ਹੋ ਜਾਂਦੀ ਹੈ। ਡਾ. ਮੁਲਤਾਨੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ, ਦੇਸ਼ ਦੇ ਵਸਨੀਕਾਂ ਦੀ ਸਿੱਖਿਆ ਅਤੇ ਸਿਹਤ ਤੇ ਨਿਰਭਰ ਕਰਦੀ ਪਰ ਭਾਰਤ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਪਛੜਿਆ ਹੋਇਆ ਨਜ਼ਰ ਆਉਂਦਾ ਹੈ। ਡਾ. ਮੁਲਤਾਨੀ ਨੇ ਬੱਚਿਆਂ ਨੂੰ ਘੱਟ ਤੋਂ ਘੱਟ ਬਾਹਰ ਦਾ ਖਾਣਾ ਖਾਣ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਮੌਕੇ ਸਾਬਕਾ ਸਰਪੰਚ ਤੇ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖ਼ਜ਼ਾਨਚੀ ਰਘੁਬੀਰ ਜੁਨੇਜਾ, ਕਾਮਰੇਡ ਚੰਦਰਪਾਲ ਅੱਤਰੀ, ਭੁਪਿੰਦਰ ਸਿੰਘ ਜੰਡਲੀ ਅਤੇ ਸਕੂਲਾਂ ਦੇ ਸਟਾਫ਼ ਮੈਂਬਰ ਹਾਜ਼ਰ ਸਨ।