ਮੁਹਾਲੀ ਕੂੜੇ ਦੇ ਢੇਰ ’ਚ ਤਬਦੀਲ, ਭਾਜਪਾ ਆਗੂ ਆਭਾ ਬਾਂਸਲ ਨੇ ਚੁੱਕਿਆ ਮੁੱਦਾ ਮੁਹਾਲੀ ਕੂੜੇ ਦੇ ਢੇਰ ’ਚ ਤਬਦੀਲ, ਭਾਜਪਾ ਆਗੂ ਆਭਾ ਬਾਂਸਲ ਨੇ ਚੁੱਕਿਆ ਮੁੱਦਾ
Publish Date: Mon, 09 Nov 2026 07:26 PM (IST)
Updated Date: Tue, 10 Nov 2026 04:07 AM (IST)
-ਸੈਕਟਰ-71 ਦੇ ਆਰਐੱਮਸੀ ਪੁਆਇੰਟ ਦਾ ਦੌਰਾ ਕਰਕੇ ਲਿਆ ਜਾਇਜ਼ਾ, ਵਿਧਾਇਕ ਤੇ ਮੇਅਰ ਨੂੰ ਘੇਰਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਿਹਾ ਮੁਹਾਲੀ ਕੂੜੇ ਦੇ ਢੇਰ ’ਚ ਤਬਦੀਲ ਹੁੰਦਾ ਜਾ ਰਿਹਾ ਹੈ। ਸ਼ਹਿਰ ਦੀ ਖੂਬਸੂਰਤੀ ਅਤੇ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਭਾਜਪਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਆਭਾ ਬਾਂਸਲ ਨੇ ਇਹ ਮੁੱਦਾ ਚੁੱਕਦਿਆਂ ਵਿਧਾਇਕ ਅਤੇ ਮੇਅਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੇ ਸਫ਼ਾਈ ਠੇਕਿਆਂ ਅਤੇ ਲਾਵਾਰਿਸ ਪਸ਼ੂਆਂ ਨੂੰ ਫੜਨ ਲਈ ਠੇਕੇਦਾਰਾਂ ਨੂੰ ਦਿੱਤੇ ਜਾ ਰਹੇ ਲੱਖਾਂ ਰੁਪਏ ਦੇ ਬਜਟ ਦੇ ਬਾਵਜੂਦ ਅਜੋਕੇ ਸਮੇਂ ’ਚ ਮੁਹਾਲੀ ਕੂੜੇ ਦੇ ਢੇਰਾਂ ਅਤੇ ਬਦਇੰਤਜ਼ਾਮੀ ਦਾ ਸ਼ਿਕਾਰ ਬਣ ਚੁੱਕਾ ਹੈ। ਲਾਵਾਰਿਸ ਪਸ਼ੂਆਂ ਦੀ ਵੀ ਗੰਭੀਰ ਹੁੰਦੀ ਜਾ ਰਹੀ ਹੈ। ਸੋਮਵਾਰ ਸ਼ਾਮ ਨੂੰ ਆਭਾ ਬਾਂਸਲ ਸੈਕਟਰ-71 ਸਥਿਤ ਆਰਐੱਮਸੀ ਪੁਆਇੰਟ ਦਾ ਮੌਕੇ ’ਤੇ ਪਹੁੰਚੀ ਅਤੇ ਉੱਥੋਂ ਦੀ ਭਿਆਨਕ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇਖਿਆ ਕਿ ਕੂੜੇ ਦੇ ਢੇਰ ਮੁੱਖ ਸੜਕਾਂ ਤੱਕ ਫੈਲੇ ਹੋਏ ਸਨ ਅਤੇ ਬਦਬੂਦਾਰ ਗੰਦਗੀ ਦੇ ਵਿਚਕਾਰ ਵੱਡੀ ਗਿਣਤੀ ’ਚ ਲਾਵਾਰਿਸ ਪਸ਼ੂ ਘੁੰਮ ਰਹੇ ਸਨ। ਮੌਕੇ ਦੇ ਹਾਲਾਤਾਂ ਦੇਖ ਕੇ ਉਨ੍ਹਾਂ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਨੀਤੀਆਂ ਉੱਤੇ ਗੰਭੀਰ ਪ੍ਰਸ਼ਨ-ਚਿੰਨ੍ਹ ਲਗਾਏ ਹਨ। ਭਾਜਪਾ ਆਗੂ ਆਭਾ ਬਾਂਸਲ ਨੇ ਕਿਹਾ ਕਿ ਸ਼ਹਿਰ ਦੀ ਨਿਯਮਿਤ ਸਫ਼ਾਈ ਲਈ ਨਗਰ ਨਿਗਮ ਵੱਲੋਂ ਹਰ ਮਹੀਨੇ ਕਰੋੜਾਂ ਰੁਪਏ ਦੇ ਸਰਕਾਰੀ ਠੇਕੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਅਤੇ ਉਨ੍ਹਾਂ ਨੂੰ ਨਿਰਧਾਰਿਤ ਗਊਸ਼ਾਲਾਵਾਂ ਤੱਕ ਪਹੁੰਚਾਉਣ ਲਈ ਵੀ ਠੇਕੇਦਾਰਾਂ ਨੂੰ ਲੱਖਾਂ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਫ਼ਾਈ ਅਤੇ ਲਾਵਾਰਿਸ ਪਸ਼ੂਆਂ ਦੇ ਪ੍ਰਬੰਧਨ ਉੱਤੇ ਜਨਤਾ ਦਾ ਖੂਨ-ਪਸੀਨੇ ਦਾ ਟੈਕਸ ਇੰਨੀ ਵੱਡੀ ਮਾਤਰਾ ’ਚ ਖ਼ਰਚਿਆ ਜਾ ਰਿਹਾ ਹੈ, ਤਾਂ ਫਿਰ ਮੁਹਾਲੀ ਦੀਆਂ ਮੁੱਖ ਸੜਕਾਂ ਕੂੜੇ ਦੇ ਢੇਰਾਂ ’ਚ ਕਿਊਂ ਤਬਦੀਲ ਹੋ ਰਹੀਆਂ ਹਨ? ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਭਾਜਪਾ ਆਗੂ ਨੇ ਕਿਹਾ ਕਿ ਇਸ ਵੇਲੇ ਮੁਹਾਲੀ ’ਚ ‘ਆਪ’ ਦਾ ਹੀ ਵਿਧਾਇਕ ਹੈ ਅਤੇ ਵਿਧਾਇਕ ਦਾ ਪੁੱਤਰ ਹੀ ਸ਼ਹਿਰ ਦਾ ਮੇਅਰ ਹੈ। ਦੋਵਾਂ ਕੋਲ ਸ਼ਹਿਰ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਵਿਕਾਸ ਅਤੇ ਸਫ਼ਾਈ ਦਾ ਬੁਰਾ ਹਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਮਾਡਾ ਅਤੇ ਨਗਰ ਨਿਗਮ ਦੀ ਕਥਿਤ ਨਾਕਾਮੀ ਅਤੇ ਅਣਗਹਿਲੀ ਕਾਰਨ ਹੀ ਅੱਜ ਮੁਹਾਲੀ ਵਰਗਾ ਆਧੁਨਿਕ ਸ਼ਹਿਰ ਕੂੜਾਦਾਨ ਬਣ ਕੇ ਰਹਿ ਗਿਆ ਹੈ। ਬਾਕਸ : ਮਹਾਮਾਰੀ ਫੈਲਣ ਦੀ ਦਿੱਤੀ ਚਿਤਾਵਨੀ ਭਾਜਪਾ ਆਗੂ ਆਭਾ ਬਾਂਸਲ ਨੇ ਕਿਹਾ ਕਿ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ’ਤੇ ਮੰਡਰਾਉਂਦੇ ਮੱਛਰ-ਮੱਖੀਆਂ ਅਤੇ ਫੈਲ ਰਹੀ ਬਦਬੂ ਕਾਰਨ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ’ਚ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਪ੍ਰਸ਼ਾਸਨ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਸਫ਼ਾਈ ਵਿਵਸਥਾ ਨੂੰ ਦਰੁਸਤ ਨਾ ਕੀਤਾ, ਤਾਂ ਸ਼ਹਿਰ ’ਚ ਫ਼ੈਲਣ ਵਾਲੀ ਕਿਸੇ ਵੀ ਸਿਹਤ ਸਬੰਧੀ ਮਹਾਂਮਾਰੀ ਦੀ ਪੂਰੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਬਾਕਸ : ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦਾਅਵਾ ਕੀਤਾ ਕਿ ਸ਼ਹਿਰ ’ਚ ਲੰਬੇ ਸਮੇਂ ਤੋਂ ਚੱਲ ਰਹੀ ਕੂੜੇ ਦੀ ਗੰਭੀਰ ਸਮੱਸਿਆ ਦਾ ਜਲਦੀ ਪੱਕਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਸਮਗੌਲੀ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਛੇਤੀ ਚਾਲੂ ਕੀਤਾ ਜਾਵੇਗਾ। ਪਲਾਂਟ ਦੀ ਅਧੂਰੀ ਚਾਰਦੀਵਾਰੀ ਅਤੇ ਸੜਕ ਦਾ ਨਿਰਮਾਣ ਛੇਤੀ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪਲਾਂਟ ਦੇ ਚਾਲੂ ਹੋਣ ਨਾਲ ਸ਼ਹਿਰ ’ਚ ਕੂੜਾ ਇਕੱਠਾ ਕਰਨ ਅਤੇ ਨਿਪਟਾਰੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਹੱਲ ਕੀਤਾ ਜਾ ਸਕੇਗਾ ਅਤੇ ਕੂੜੇ ਦੇ ਢੇਰਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ।