ਮੁਹਾਲੀ ਪੁਲਿਸ ਦੀ ਭਗੌੜੇ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ; 204 ਪੀਓਜ਼ ਗ੍ਰਿਫ਼ਤਾਰ
ਮੁਹਾਲੀ ਪੁਲਿਸ ਦੀ ਭਗੌੜੇ ਅਪਰਾਧੀਆਂ ਵਿਰੁੱਧ ਵੱਡੀ ਕਾਰਵਾਈ; 204 ਪੀਓਜ਼ ਗ੍ਰਿਫ਼ਤਾਰ
Publish Date: Sat, 14 Feb 2026 07:38 PM (IST)
Updated Date: Sat, 14 Feb 2026 07:42 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਐੱਸਏਐੱਸ ਨਗਰ ਪੁਲਿਸ ਵੱਲੋਂ ਭਗੌੜੇ ਅਪਰਾਧੀਆਂ (ਪੀਓਜ਼) ਵਿਰੁੱਧ ਚਲਾਈ ਸੰਗਠਿਤ ਮੁਹਿੰਮ ਤਹਿਤ 1 ਜੂਨ 2025 ਤੋਂ 13 ਫਰਵਰੀ 2026 ਤੱਕ ਕੁੱਲ 204 ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ/ਪੀਓ ਸੂਚੀ ਵਿਚੋਂ ਬਾਹਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ। ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗੌੜੇ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੀਓ ਸਟਾਫ਼ ਗਠਿਤ ਕਰ ਕੇ ਭਗੌੜਿਆਂ ਨੂੰ ਫੜਨ ਦਾ ਵਿਸ਼ੇਸ਼ ਟਾਸਕ ਦਿੱਤਾ ਗਿਆ ਹੈ। ਇਹ ਮੁਹਿੰਮ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਅਜੀਤਪਾਲ ਸਿੰਘ, ਉਪ ਕਪਤਾਨ ਪੁਲਿਸ (ਕਰਾਈਮ ਅਗੇਂਸਟ ਵੂਮੈਨ ਐਂਡ ਚਾਇਲਡ) ਅਤੇ ਪਹਿਲਾਂ ਤਾਇਨਾਤ ਨਵੀਨ ਪਾਲ ਸਿੰਘ ਲਹਿਲ, ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ) ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਚਲਾਈ ਗਈ। ਇਸ ਮੁਹਿੰਮ ਤਹਿਤ ਕਈ ਅਹਿਮ ਮਾਮਲਿਆਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਮਿਲੀ, ਜਿਵੇਂ ਕਿ ਦੋਸ਼ੀ/ਪੀਓ ਸੰਦੀਪ ਸਿੰਘ ਉਰਫ਼ ਸੰਨੀ ਵਾਸੀ ਪਿੰਡ ਮਹਿਤਪੁਰ ਜ਼ਿਲ੍ਹਾ ਜਲੰਧਰ (ਹਾਲ ਵਾਸੀ ਚੰਡੀਗੜ੍ਹ) ਨੂੰ ਮੁਕੱਦਮਾ ਆਰਮਜ਼ ਐਕਟ ਥਾਣਾ ਮਟੌਰ ਮੁਹਾਲੀ ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਕਤ ਦੋਸ਼ੀ ਨੇ ਪੰਜਾਬ ਨੈਸ਼ਨਲ ਬੈਂਕ ਸੈਕਟਰ-67 ਫੇਜ਼-3ਏ ਮੁਹਾਲੀ ਵਿਚ ਪਿਸਤੌਲ ਦੀ ਨੋਕ ’ਤੇ ਡਕੈਤੀ ਕੀਤੀ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖ਼ਿਲਾਫ਼ ਥਾਣਾ ਸਿਟੀ ਖਰੜ ਵਿਚ ਵੀ ਕੇਸ ਦਰਜ ਹੈ ਅਤੇ ਪੰਜਾਬ, ਚੰਡੀਗੜ੍ਹ ਅਤੇ ਯੂਪੀ ਵਿਚ ਕਰੀਬ 20 ਹੋਰ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਦੋਸ਼ੀ/ਪੀਓ ਗੌਰਵ ਕੁਮਾਰ ਵਾਸੀ ਪਿੰਡ ਪਿੱਪਲਾ, ਜ਼ਿਲ੍ਹਾ ਬੁਲੰਦਸ਼ਹਿਰ (ਯੂਪੀ), ਜੋ ਨੋਇਡਾ ਵਿਚ ਛੁਪ ਕੇ ਰਹਿ ਰਿਹਾ ਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਖ਼ਿਲਾਫ਼ ਮੁਕੱਦਮਾ ਥਾਣਾ ਮਟੌਰ ਮੁਹਾਲੀ ਵਿਚ ਦਰਜ ਹੈ। ਦੋਸ਼ੀ ਨੇ ਪ੍ਰੈੱਸ ਰਿਪੋਰਟਰ ਕਰਨਜੀਤ ਸਿੰਘ ਉਰਫ਼ ਕੇਜੇ ਸਿੰਘ ਅਤੇ ਉਸ ਦੀ ਮਾਤਾ ਗੁਰਚਰਨ ਕੌਰ ਦਾ ਘਰ ਵਿਚ ਦਾਖ਼ਲ ਹੋ ਕੇ ਕਤਲ ਕੀਤਾ ਸੀ ਅਤੇ ਅਦਾਲਤ ਵੱਲੋਂ 2022 ਵਿਚ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਐੱਸਐੱਸਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਦੋਸ਼ੀ/ਪੀਓ ਮਹਾਵੀਰ ਸਿੰਘ ਉਰਫ਼ ਗੱਬਰ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਨੂੰ, ਜਿਸ ਖ਼ਿਲਾਫ਼ ਥਾਣਾ ਮੁੱਲਾਂਪੁਰ ਵਿਚ ਆਰਮਜ਼ ਐਕਟ ਤਹਿਤ ਕੇਸ ਦਰਜ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲਿਸ ਵੱਲੋਂ ਭਗੌੜਿਆਂ ਨੂੰ ਫੜਨ ਦੀ ਮੁਹਿੰਮ ਤਹਿਤ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਪੀਓ ਨੂੰ ਵੀ ਟਰੇਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਜੂਨ 2025 ਤੋਂ 13 ਫਰਵਰੀ 2026 ਤੱਕ ਥਾਣਿਆਂ ਅਤੇ ਪੀਓ ਸਟਾਫ਼ ਵੱਲੋਂ 299 ਸੀਆਰਪੀਸੀ (335 ਬੀਐੱਨਐੱਸਐੱਸ) ਦੇ 197 ਅਤੇ 82/83 ਸੀਆਰਪੀਸੀ (84/85 ਬੀਐੱਨਐੱਸਐੱਸ) ਦੇ 7 ਪੀਓ ਸਮੇਤ ਕੁੱਲ 204 ਪੀਓ ਗ੍ਰਿਫ਼ਤਾਰ/ਪੀਓ ਸੂਚੀ ਵਿਚੋਂ ਬਾਹਰ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ 119 ਪੀਓਜ਼ ਗ੍ਰਿਫ਼ਤਾਰ ਕੀਤੇ ਗਏ, 63 ਦੀ ਮੌਤ ਹੋਣ ਕਾਰਨ ਸੂਚੀ ਵਿਚੋਂ ਹਟਾਏ ਗਏ, 8 ਨੂੰ ਸਜ਼ਾ/ਬਰੀ ਹੋਣ ’ਤੇ ਸੂਚੀ ਵਿਚੋਂ ਹਟਾਇਆ ਗਿਆ, 6 ਮੁੜ ਅਦਾਲਤ ਵਿਚ ਹਾਜ਼ਰ ਹੋਏ ਅਤੇ 8 ਦੇ ਪੀਓ ਆਦੇਸ਼ ਰੱਦ ਕੀਤੇ ਗਏ। ਉਨ੍ਹਾਂ ਕਿਹਾ ਕਿ ਭਗੌੜੇ ਅਪਰਾਧੀਆਂ ਵਿਰੁੱਧ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ ਅਤੇ ਸਾਰੇ ਅਪਰਾਧੀਆਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਿਪਟਿਆ ਜਾਵੇਗਾ।