ਜਾਗਰੂਕਤਾ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਮੁਹਾਲੀ ਪੁਲਿਸ ਵੱਲੋਂ ਜਾਗਰੂਕਤਾ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਕੀਤਾ ਨਿਰੀਖਣ
Publish Date: Sun, 20 Sep 2026 08:46 PM (IST)
Updated Date: Mon, 21 Sep 2026 04:12 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨਾਲ ਸ਼ੁਰੂ ਕੀਤੀ ਗਈ ਜਾਗਰੂਕਤਾ ਯਾਤਰਾ ਭਾਜਪਾ ਦਾ ਨਾਅਰਾ, ਨਸ਼ਾ ਮੁਕਤ ਹੋਵੇ ਪੰਜਾਬ ਸਾਰਾ ਦੇ ਸਵਾਗਤੀ ਸਮਾਗਮ ਨੂੰ ਮੁੱਖ ਰੱਖਦਿਆਂ ਐਤਵਾਰ ਨੂੰ ਜ਼ਿਲ੍ਹਾ ਮੁਹਾਲੀ ਪੁਲਿਸ ਅਫ਼ਸਰਾਂ ਵੱਲੋਂ ਡੇਰਾਬੱਸੀ ਦੇ ਰਾਮਲੀਲ੍ਹਾ ਗਰਾਊਂਡ ਅਤੇ ਰਾਮ ਤਲਾਈ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਪਠਾਨਕੋਟ ਤੋਂ ਸ਼ੁਰੂ ਕੀਤੀ ਗਈ ਇਹ ਯਾਤਰਾ ਪੂਰੇ ਸੂਬੇ ਵਿਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਸੋਮਵਾਰ ਅੱਜ ਸ਼ਾਮ 5:00 ਵਜੇ ਡੇਰਾਬੱਸੀ ਦੇ ਰਾਮ ਤਲਾਈ ਵਿਖੇ ਪਹੁੰਚ ਰਹੀ ਹੈ। ਯਾਤਰਾ ਦੇ ਸਵਾਗਤ ਲਈ ਭਾਜਪਾ ਆਗੂ ਸੰਜੀਵ ਖੰਨਾ ਅਤੇ ਮਨਪ੍ਰੀਤ ਸਿੰਘ ਬੰਨੀ ਸੰਧੂ ਦੀ ਅਗਵਾਈ ਹੇਠ ਇਕ ਵਿਸ਼ਾਲ ਜਨਤਕ ਮੀਟਿੰਗ ਅਤੇ ਸ਼ਾਨਦਾਰ ਸਵਾਗਤੀ ਸਮਾਗਮ ਉਲੀਕਿਆ ਗਿਆ ਹੈ। ਇਸ ਸਮਾਗਮ ਵਿਚ ਭੋਜਪੁਰੀ ਸੁਪਰਸਟਾਰ, ਸੀਨੀਅਰ ਭਾਜਪਾ ਨੇਤਾ ਅਤੇ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ। ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਕੀਤੇ ਗਏ ਇਸ ਨਿਰੀਖਣ ਦੌਰਾਨ ਐੱਸਪੀ ਮੁਹਾਲੀ ਨਵਰੀਤ ਸਿੰਘ ਵਿਰਕ, ਡੀਐੱਸਪੀ ਵਰਿੰਦਰ ਸਿੰਘ ਖੋਸਾ, ਡੀਐੱਸਪੀ ਰਾਜੀਵ ਕੁਮਾਰ, ਥਾਣਾ ਮੁਖੀ ਡੇਰਾਬੱਸੀ ਬਲਵਿੰਦਰ ਸਿੰਘ, ਡੇਰਾਬੱਸੀ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਅਤੇ ਭਾਰੀ ਪੁਲਿਸ ਫੋਰਸ ਮੌਜੂਦ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਸਮਾਗਮ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।