ਮੁਹਾਲੀ ਪੁਲਿਸ ਵੱਲੋਂ ਗ਼ੈਰ-ਕਾਨੂੰਨੀ ਪਿਸਤੌਲ ਤੇ ਜ਼ਿੰਦਾ ਰੌਂਦ ਸਮੇਤ ਇਕ ਕਾਬੂ ਮੁਹਾਲੀ ਪੁਲਿਸ ਵੱਲੋਂ ਗ਼ੈਰ-ਕਾਨੂੰਨੀ ਪਿਸਤੌਲ ਤੇ ਜ਼ਿੰਦਾ ਰੌਂਦ ਸਮੇਤ ਇਕ ਕਾਬੂ
Publish Date: Mon, 28 Sep 2026 10:23 PM (IST)
Updated Date: Mon, 28 Sep 2026 10:24 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਜ਼ਿਲ੍ਹਾ ਐੱਸਏਐੱਸ ਨਗਰ ਵਿਚ ਮਾੜੇ ਅਨਸਰਾਂ ਅਤੇ ਅਪਰਾਧੀਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮੁਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਇਕ ਮੁਲਜ਼ਮ ਨੂੰ ਗ਼ੈਰ-ਕਾਨੂੰਨੀ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਇਕ ਪੁਆਇੰਟ 32 ਬੋਰ ਦਾ ਗ਼ੈਰ-ਕਾਨੂੰਨੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ। ਇਹ ਕਾਰਵਾਈ ਐੱਸਐੱਸਪੀ ਵਰੁਣ ਸ਼ਰਮਾ, ਐੱਸਪੀ ਆਕਾਸ਼ਦੀਪ ਔਲਖ ਅਤੇ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਆਪ੍ਰੇਸ਼ਨ ਸੈੱਲ ਮੁਹਾਲੀ ਦੀ ਯੋਗ ਅਗਵਾਈ ਹੇਠ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਆਪ੍ਰੇਸ਼ਨ ਸੈੱਲ ਮੁਹਾਲੀ ਦੀ ਟੀਮ ਏਅਰਪੋਰਟ ਚੌਕ ਐਰੋਸਿਟੀ ਮੁਹਾਲੀ ਨੇੜੇ ਤੈਨਾਤ ਸੀ। ਇਸ ਦੌਰਾਨ ਆਪ੍ਰੇਸ਼ਨ ਸੈੱਲ ਦੇ ਏਐੱਸਆਈ ਕਮਲਪ੍ਰੀਤ ਸ਼ਰਮਾ ਨੂੰ ਗੁਪਤ ਸੂਚਨਾ ਮਿਲੀ ਕਿ ਸੰਜੇ ਵਾਸੀ ਜ਼ਿਲ੍ਹਾ ਜੀਂਦ (ਹਰਿਆਣਾ) ਕੋਲ ਗ਼ੈਰ-ਕਾਨੂੰਨੀ ਹਥਿਆਰ ਹੈ। ਉਹ ਆਪਣੀ ਸਵਿਫਟ ਡਿਜ਼ਾਇਰ ਗੱਡੀ ਵਿਚ ਛੱਤ ਲਾਈਟ ਪੁਆਇੰਟ ਤੋਂ ਏਅਰਪੋਰਟ ਚੌਕ ਵੱਲ ਜਾਣ ਵਾਲੀ ਸਰਵਿਸ ਰੋਡ ’ਤੇ ਬੈਠ ਕੇ ਆਪਣੇ ਕਿਸੇ ਸਾਥੀ ਦਾ ਇੰਤਜ਼ਾਰ ਕਰ ਰਿਹਾ ਹੈ। ਮਾਮਲਾ ਦਰਜ ਅਤੇ ਪੁਲਿਸ ਰਿਮਾਂਡ : ਸੂਚਨਾ ਦੇ ਆਧਾਰ ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਸੰਜੇ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਅਤੇ ਉਸ ਕੋਲੋਂ ਪੁਆਇੰਟ 32 ਬੋਰ ਦਾ ਪਿਸਤੌਲ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ। ਪੁਲਿਸ ਥਾਣਾ ਆਈਟੀ ਸਿਟੀ ਵਿਖੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁੱਛਗਿੱਛ ਦੌਰਾਨ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਇਹ ਗ਼ੈਰ-ਕਾਨੂੰਨੀ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਅਤੇ ਇੱਥੇ ਕਿਸ ਨੂੰ ਸਪਲਾਈ ਕਰਨ ਆਇਆ ਸੀ।