ਮੁਹਾਲੀ ਪੁਲਿਸ ਵੱਲੋਂ ਡੇਢ ਕਿੱਲੋ ਅਫ਼ੀਮ ਸਮੇਤ ਦੋ ਤਸਕਰ ਗ੍ਰਿਫ਼ਤਾਰ ਮੁਹਾਲੀ ਪੁਲਿਸ ਵੱਲੋਂ ਡੇਢ ਕਿੱਲੋ ਅਫ਼ੀਮ ਸਮੇਤ ਦੋ ਤਸਕਰ ਗ੍ਰਿਫ਼ਤਾਰ
Publish Date: Fri, 23 Oct 2026 08:13 PM (IST)
Updated Date: Fri, 23 Oct 2026 08:15 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਜ਼ਿਲ੍ਹਾ ਮੁਹਾਲੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੇਢ ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਐੱਸਐੱਸਪੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਓਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਟੀਮ ਵੱਲੋਂ ਅਮਲ ਵਿਚ ਲਿਆਂਦੀ ਗਈ। ਮਿਲੀ ਜਾਣਕਾਰੀ ਅਨੁਸਾਰ 22 ਅਕਤੂਬਰ ਨੂੰ ਓਪਰੇਸ਼ਨ ਸੈੱਲ ਮੁਹਾਲੀ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਐਰੋਸਿਟੀ ਮੁਹਾਲੀ ਦੇ ਐੱਚ-ਬਲਾਕ ਟ੍ਰੈਫਿਕ ਲਾਈਟਾਂ ਵੱਲ ਜਾਂਦੇ ਸਲਿੱਪ ਰੋਡ ਕੋਲ ਪੁੱਜੀ। ਇਸ ਦੌਰਾਨ ਸਲਿੱਪ ਰੋਡ ਤੇ ਦੋ ਨੌਜਵਾਨ ਸ਼ੱਕੀ ਹਾਲਤ ਚ ਖੜ੍ਹੇ ਦਿਖਾਈ ਦਿੱਤੇ। ਪੁਲਿਸ ਵੱਲੋਂ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਵੱਲੋਂ ਪਾਏ ਪਿੱਠੂ ਬੈਗਾਂ ਵਿਚੋਂ ਅਫ਼ੀਮ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ ਇਕ ਕਿੱਲੋ 500 ਗਰਾਮ ਨਿਕਲਿਆ। ਇਸ ਤੋਂ ਬਾਅਦ ਥਾਣਾ ਜ਼ੀਰਕਪੁਰ ਵਿਖੇ ਮੁਲਜ਼ਮਾਂ ਵਿਰੁੱਧ ਐੱਨਡੀਪੀਐੱਸ ਐਕਟ ਦੀ ਧਾਰਾ 18-61-85 ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਦੀ ਪਛਾਣ ਚੰਦਰ ਸੇਨ ਉਰਫ਼ ਬਬਲੂ ਵਾਸੀ ਬਦਾਯੂੰ ਉੱਤਰ ਪ੍ਰਦੇਸ਼ ਅਤੇ ਟਿੰਕੂ ਵਾਸੀ ਜ਼ਿਲ੍ਹਾ ਬਦਾਯੂੰ ਉੱਤਰ ਪ੍ਰਦੇਸ਼ ਵਜੋਂ ਹੋਈ ਦੱਸੀ ਗਈ ਹੈ, ਜਿਨ੍ਹਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਦਰਜ ਨਹੀਂ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਗੱਲ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫ਼ੀਮ ਕਿੱਥੋਂ ਖ਼ਰੀਦੀ ਗਈ ਸੀ ਅਤੇ ਪੰਜਾਬ ਵਿਚ ਕਿਨ੍ਹਾਂ-ਕਿਨ੍ਹਾਂ ਥਾਵਾਂ ਤੇ ਸਪਲਾਈ ਕੀਤੀ ਜਾਣੀ ਸੀ। ਪੁਲਿਸ ਦਾ ਦਾਅਵਾ ਹੈ ਕਿ ਇਸ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।