ਐੱਚਆਈਵੀ ਰੋਕਥਾਮ ਤੇ ਇਲਾਜ ਲਈ ਮੁਹਾਲੀ ਜ਼ਿਲ੍ਹੇ ਨੂੰ ਮਿਲਿਆ ਰਾਜ-ਪੱਧਰੀ ਸਨਮਾਨ ਐੱਚਆਈਵੀ ਰੋਕਥਾਮ ਤੇ ਇਲਾਜ ਲਈ ਮੁਹਾਲੀ ਜ਼ਿਲ੍ਹੇ ਨੂੰ ਮਿਲਿਆ ਰਾਜ-ਪੱਧਰੀ ਸਨਮਾਨ
Publish Date: Tue, 06 Oct 2026 06:11 PM (IST)
Updated Date: Tue, 06 Oct 2026 06:14 PM (IST)
- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨ ਸਮੇਤ ਟੀਮ ਨੂੰ ਦਿੱਤੀ ਟਰਾਫ਼ੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਐੱਚਆਈਵੀ ਪਾਜ਼ੇਟਿਵ ਮਰੀਜ਼ਾਂ ਦੀ ਪਛਾਣ, ਸਮੇਂ ਸਿਰ ਇਲਾਜ ਸ਼ੁਰੂ ਕਰਨ ਅਤੇ ਐੱਚਆਈਵੀ ਦੇ ਹੋਰ ਫੈਲਾਅ ਨੂੰ ਰੋਕਣ ’ਚ ਮੁਹਾਲੀ ਜ਼ਿਲ੍ਹੇ ਨੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜ਼ਿਲ੍ਹੇ ਲਈ ਐੱਚਆਈਵੀ ਦੀ ਰੋਕਥਾਮ ਅਤੇ ਕੰਟਰੋਲ ਪ੍ਰੋਗਰਾਮ ਤਹਿਤ ਤਿੰਨ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਸਨ। ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਟੀਮ ਨੇ ਸੁਚੱਜੀ ਸਕ੍ਰੀਨਿੰਗ, ਸਮੇਂ ਸਿਰ ਕੇਸਾਂ ਦੀ ਪਛਾਣ, ਪ੍ਰਭਾਵਸ਼ਾਲੀ ਕੌਂਸਲਿੰਗ ਅਤੇ ਪਛਾਣੇ ਗਏ ਮਰੀਜ਼ਾਂ ਨੂੰ ਤੁਰੰਤ ਇਲਾਜ ਅਤੇ ਫਾਲੋਅੱਪ ਸੇਵਾਵਾਂ ਨਾਲ ਜੋੜਨ ਰਾਹੀਂ ਇਹ ਤਿੰਨੇ ਟੀਚੇ ਸਫ਼ਲਤਾਪੂਰਵਕ ਹਾਸਲ ਕੀਤੇ। ਮੁਹਾਲੀ ਜ਼ਿਲ੍ਹਾ ਪੰਜਾਬ ਭਰ ’ਚੋਂ ਸਿਖਰਲੇ ਤਿੰਨ ਜ਼ਿਲ੍ਹਿਆਂ ’ਚ ਆਇਆ ਹੈ। ਇਸ ਸ਼ਾਨਦਾਰ ਉਪਲਬਧੀ ਅਤੇ ਬਿਹਤਰੀਨ ਕਾਰਗੁਜ਼ਾਰੀ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਸਿਵਲ ਸਰਜਨ ਡਾ. ਸੰਗੀਤਾ ਜੈਨ ਸਮੇਤ ਸਮੁੱਚੀ ਜ਼ਿਲ੍ਹਾ ਸਿਹਤ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਨਵਦੀਪ ਸਿੰਘ ਵੀ ਮੌਜੂਦ ਸਨ। ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਸਿਹਤ ਟੀਮ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਨਿਰਧਾਰਤ ਤਿੰਨੇ ਟੀਚੇ ਹਾਸਲ ਕਰਨਾ ਟੀਮ ਵਰਕ, ਸਮਰਪਣ ਅਤੇ ਲਗਾਤਾਰ ਨਿਗਰਾਨੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰ ’ਤੇ ਮਿਲਿਆ ਇਹ ਸਨਮਾਨ ਟੀਮ ਨੂੰ ਐੱਚਆਈਵੀ ਦੀ ਰੋਕਥਾਮ, ਜਾਂਚ, ਇਲਾਜ ਅਤੇ ਕੌਂਸਲਿੰਗ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ।