ਬੱਬਰ ਖਾਲਸਾ ਅੱਤਵਾਦੀ ਸੰਗਠਨ ਨਾਲ ਜੁੜੇ ਤਿੰਨ ਮੁਲਜ਼ਮਾਂ ਸਮੇਤ ਚਾਰ ਭਗੌੜੇ ਐਲਾਨੇ, ਮੋਹਾਲੀ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜੇ ਤਿੰਨ ਮੁਲਜ਼ਮਾਂ ਸਮੇਤ ਚਾਰ ਲੋਕਾਂ ਨੂੰ ਭਗੌੜਾ ਐਲਾਨ ਦਿੱਤਾ ਹੈ। ਇਨ੍ਹਾਂ ਸਾਰਿਆਂ ਨੂੰ 16 ਨਵੰਬਰ 2026 ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ 'ਤੇ ਅੱਤਵਾਦੀ ਸਾਜ਼ਿਸ਼ ਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਦੋਸ਼ ਹਨ।
Publish Date: Thu, 08 Oct 2026 11:02 AM (IST)
Updated Date: Thu, 08 Oct 2026 11:05 AM (IST)
ਰੋਹਿਤ ਕੁਮਾਰ, ਚੰਡੀਗੜ੍ਹ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜੇ ਤਿੰਨ ਮੁਲਜ਼ਮਾਂ ਸਮੇਤ ਚਾਰ ਲੋਕਾਂ ਨੂੰ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ।
ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਮੁਲਜ਼ਮਾਂ ਦੇ ਨਾ ਮਿਲਣ 'ਤੇ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਨ੍ਹਾਂ ’ਚ ਜਸਵਿੰਦਰ ਸਿੰਘ ਉਰਫ਼ ਬਾਗੀ ਉਰਫ਼ ਮੰਨੂ ਅਗਵਾਨ ਉਰਫ਼ ਜੱਸਾ, ਕਰਨ ਸਿੰਘ ਉਰਫ਼ ਅਭੀ, ਮਲਵਿੰਦਰ ਸਿੰਘ ਉਰਫ਼ ਸੁੱਖ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਾਸ਼ਹਿਰੀਆ ਸ਼ਾਮਲ ਹਨ। ਅਦਾਲਤ ਨੇ ਸਾਰਿਆਂ ਨੂੰ 16 ਨਵੰਬਰ 2026 ਨੂੰ ਪੇਸ਼ ਹੋਣ ਲਈ ਕਿਹਾ ਹੈ।
ਯੂਏਪੀਏ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ
ਐਨਆਈਏ ਵੱਲੋਂ ਦਰਜ ਮਾਮਲੇ ’ਚ ਅੱਤਵਾਦੀ ਸਾਜ਼ਿਸ਼, ਹਥਿਆਰਾਂ ਤੇ ਵਿਸਫੋਟਕਾਂ ਨਾਲ ਸਬੰਧਤ ਦੋਸ਼ ਸ਼ਾਮਲ ਹਨ। ਐਨਆਈਏ ਨੇ ਇਹ ਮਾਮਲਾ 22 ਮਈ 2025 ਨੂੰ ਦਰਜ ਕੀਤਾ ਸੀ। ਇਸ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੀਕੇਆਈ ਨਾਲ ਜੁੜੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ’ਚ ਯੂਏਪੀਏ, ਵਿਸਫੋਟਕ ਪਦਾਰਥ ਐਕਟ, ਆਰਮਜ਼ ਐਕਟ ਤੇ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ, ਜਸਵਿੰਦਰ ਸਿੰਘ ਉਰਫ਼ ਬਾਗੀ ਉਰਫ਼ ਮੰਨੂ ਅਗਵਾਨ ਉਰਫ਼ ਜੱਸਾ ਨੂੰ ਬੀਕੇਆਈ ਦਾ ਸਰਗਰਮ ਗੁਰਗਾ ਦੱਸਿਆ ਗਿਆ ਹੈ। ਉਸ 'ਤੇ ਅੱਤਵਾਦੀ ਸਾਜ਼ਿਸ਼ ਰਚਣ, ਲੋਕਾਂ ’ਚ ਡਰ ਪੈਦਾ ਕਰਨ ਤੇ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਦੋਸ਼ ਹਨ। ਜਾਂਚ ਦੌਰਾਨ ਉਸ ਦੇ ਨੈੱਟਵਰਕ ਦੇ ਹਥਿਆਰਾਂ ਦੀ ਤਸਕਰੀ, ਟਾਰਗੇਟ ਕਿਲਿੰਗ ਤੇ ਜਬਰਨ ਵਸੂਲੀ ਵਰਗੀਆਂ ਗਤੀਵਿਧੀਆਂ ਨਾਲ ਜੁੜੇ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਪੰਜਾਬ ’ਚ ਅੱਤਵਾਦੀ ਸੰਗਠਨਾਂ ਤੇ ਗੈਂਗਸਟਰ ਨੈੱਟਵਰਕ ਦੀ ਜਾਂਚ ਜਾਰੀ ਕਰਨ ਸਿੰਘ ਉਰਫ਼ ਅਭੀ ਤੇ ਮਲਵਿੰਦਰ ਸਿੰਘ ਉਰਫ਼ ਸੁੱਖ ਦੇ ਨਾਮ ਵੀ ਇਸੇ ਨੈੱਟਵਰਕ ਨਾਲ ਜੁੜੇ ਮਾਮਲੇ ’ਚ ਸਾਹਮਣੇ ਆਏ ਹਨ। ਦੋਵਾਂ 'ਤੇ ਜਸਵਿੰਦਰ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਅਪਰਾਧਿਕ ਤੇ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਹਨ। ਸੁਰੱਖਿਆ ਏਜੰਸੀਆਂ ਪੰਜਾਬ ’ਚ ਅੱਤਵਾਦੀ ਸੰਗਠਨਾਂ ਤੇ ਗੈਂਗਸਟਰ ਨੈੱਟਵਰਕ ਵਿਚਕਾਰ ਸੰਪਰਕ ਦੀ ਵੀ ਜਾਂਚ ਕਰ ਰਹੀਆਂ ਹਨ।
ਇਸੇ ਮਾਮਲੇ ਨਾਲ ਜੁੜੇ ਨਿਆਂਇਕ ਰਿਕਾਰਡ ’ਚ ਫਾਜ਼ਿਲਕਾ ਦੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਜਸਵਿੰਦਰ ਸਿੰਘ ਰੌਕੀ ਦੀ ਹੱਤਿਆ ਦਾ ਹਵਾਲਾ ਵੀ ਸਾਹਮਣੇ ਆਉਂਦਾ ਹੈ। ਰੌਕੀ ਦੀ ਸਾਲ 2016 ’ਚ ਹਿਮਾਚਲ ਪ੍ਰਦੇਸ਼ ਦੇ ਪਰਵਾਣੂ ’ਚ ਹੱਤਿਆ ਕਰ ਦਿੱਤੀ ਗਈ ਸੀ। ਨਿਆਂਇਕ ਰਿਕਾਰਡ ’ਚ ਇਸ ਘਟਨਾ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੀਕੇਆਈ ਵੱਲੋਂ ਲਏ ਜਾਣ ਦੀ ਜਾਣਕਾਰੀ ਦਾ ਵੀ ਜ਼ਿਕਰ ਹੈ।
ਗੁਰਪ੍ਰੀਤ ਸਿੰਘ ਵੀ ਭਗੌੜਾ ਐਲਾਨਿਆ ਮੋਹਾਲੀ ਅਦਾਲਤ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਾਸ਼ਹਿਰੀਆ ਨੂੰ ਵੀ ਭਗੌੜਾ ਐਲਾਨ ਦਿੱਤਾ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਬਿਰੋਵਾਲ ਦਾ ਰਹਿਣ ਵਾਲਾ ਦੱਸਿਆ ਗਿਆ ਹੈ।
ਅਦਾਲਤ ਦੇ ਅਨੁਸਾਰ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹ ਨਹੀਂ ਮਿਲਿਆ। ਹੁਣ ਚਾਰਾਂ ਨੂੰ 16 ਨਵੰਬਰ 2026 ਨੂੰ ਅਦਾਲਤ ’ਚ ਪੇਸ਼ ਹੋਣਾ ਹੋਵੇਗਾ। ਨਿਰਧਾਰਤ ਸਮੇਂ ’ਚ ਪੇਸ਼ ਨਾ ਹੋਣ 'ਤੇ ਉਨ੍ਹਾਂ ਖ਼ਿਲਾਫ਼ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।