ਮੁਹਾਲੀ ਪ੍ਰਸ਼ਾਸਨ ਵੱਲੋਂ 8 ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਮੁਹਾਲੀ ਪ੍ਰਸ਼ਾਸਨ ਵੱਲੋਂ ਅੱਠ ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ,
Publish Date: Mon, 20 Jul 2026 07:44 PM (IST)
Updated Date: Tue, 21 Jul 2026 04:07 AM (IST)
ਲਾਇਸੈਂਸ ਦੀ ਮਿਆਦ ਪੁੱਗਣ ’ਤੇ ਨਵੀਨੀਕਰਨ ਨਾ ਕਰਵਾਉਣ ਦੇ ਦੋਸ਼ ’ਚ ਕੀਤੀ ਕਾਰਵਾਈ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਜ਼ਿਲ੍ਹਾ ਪ੍ਰਸ਼ਾਸਨ ਨੇ ਟਰੈਵਲ ਏਜੰਟਾਂ ਦੇ ਖ਼ਿਲਾਫ਼ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਅੱਠ ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕੀਤੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਇਨ੍ਹਾਂ ਟਰੈਵਲ ਫਰਮਾਂ ਨੂੰ ਪਹਿਲਾਂ ਲਾਇਸੈਂਸ ਜਾਰੀ ਕੀਤੇ ਗਏ ਸਨ। ਸਬੰਧਤ ਮਾਲਕਾਂ ਅਤੇ ਪਾਰਟਨਰਸ਼ਿਪ ਫਰਮਾਂ ਵੱਲੋਂ ਪੇਸ਼ ਕੀਤੀਆਂ ਅਰਜ਼ੀਆਂ, ਸਹਾਇਕ ਦਸਤਾਵੇਜ਼ਾਂ ਅਤੇ ਪੁਲਿਸ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ਤੇ ਇਹ ਲਾਇਸੈਂਸ ਜਾਰੀ ਕੀਤੇ ਗਏ ਸਨ ਪਰੰਤੂ ਲਾਇਸੈਂਸਾਂ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਇਨ੍ਹਾਂ ਫਰਮਾਂ ਵੱਲੋਂ ਨਿਰਧਾਰਤ ਸਮੇਂ ਅੰਦਰ ਲਾਇਸੈਂਸਾਂ ਦਾ ਨਵੀਨੀਕਰਨ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਐਕਟ ਦੇ ਰੂਲਾਂ ਅਨੁਸਾਰ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਉਪਰੰਤ ਬਿਨਾਂ ਨਵੀਨੀਕਰਨ ਟਰੈਵਲ ਕਾਰੋਬਾਰ ਕਰਨਾ ਕਾਨੂੰਨ ਦੀ ਉਲੰਘਣਾ ਹੈ। ਇਸ ਲਈ ਕਾਨੂੰਨੀ ਪ੍ਰਕਿਰਿਆ ਅਪਣਾਉਂਦਿਆਂ ਇਨ੍ਹਾਂ ਲਾਇਸੈਂਸਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਏਡੀਸੀ ਗੀਤਿਕਾ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਨ੍ਹਾਂ ਵਿਚ ਫਰਮ ਸਪੈਕਟਰਮ ਸਟੱਡੀ (ਫੇਜ਼-2), ਫਰਮ ਰਾਈਟ ਵੀਜ਼ਾ ਟਿਪ ਐੱਲਐੱਲਪੀ. (ਸੈਕਟਰ-70), ਮੈਸਰਜ਼ ਐੱਸਬੀਐੱਮਸੀ ਓਵਰਸੀਜ਼ (ਫੇਜ਼-3ਬੀ2), ਫਰਮ ਰੋਬਿਨਜ਼ ਇੰਟਰਨੈਸ਼ਨਲ ਲੀਗਲ ਸਰਵਿਸਿਜ਼ (ਜ਼ੀਰਕਪੁਰ), ਫਰਮ ਮਾਈਂਡਰੋਇਡ ਕਨਸਲਟੈਂਸੀ ਐੱਲਐੱਲਪੀ (ਦੇਸੂਮਾਜਰਾ), ਫਰਮ ਦਿ ਫਿਊਜ਼ਨ ਵਰਲਡ ਵੀਜ਼ਾ ਕਨਸਲਟੈਂਸੀ (ਦੇਸੂਮਾਜਰਾ), ਫਰਮ ਆਸਟਨ ਇੰਸਟੀਚਿਊਟ, (ਖਰੜ) ਅਤੇ ਦਇਆ ਆਇਲਟਸ ਸਟੱਡੀ ਪੁਆਇੰਟ (ਪਿੰਡ ਮਾਜਰੀ) ਸ਼ਾਮਲ ਹਨ। ਏਡੀਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਧਾਰਾ 6 (1) (ਈ) ਤੇ ਉਪਬੰਧਾਂ ਤਹਿਤ ਉਪਰੋਕਤ ਅੱਠ ਫਰਮਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਐਕਟ/ਰੂਲਾਂ ਵਿਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਪ੍ਰਾਰਥਣ/ਫਰਮਾਂ/ਮਾਲਕਾਂ/ਪਾਰਟਰਨਰਜ਼ ਦੇ ਖ਼ਿਲਾਫ਼ ਭਵਿੱਖ ਵਿਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਪ੍ਰਾਰਥਣ/ਫਰਮਾਂ/ਫਰਮਾਂ ਦੇ ਮਾਲਕ/ਪਾਰਟਰਨਰਜ਼ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਜ਼ਿੰਮੇਵਾਰ ਹੋਣਗੇ।