ਮਹਾਂ ਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਲਾਮਬੰਦੀ ਜ਼ੋਰਾਂ ’ਤੇ ਚੰਡੀਗੜ੍ਹ ਮਹਾਂ ਰੈਲੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਲਾਮਬੰਦੀ ਜ਼ੋਰਾਂ ’ਤੇ
Publish Date: Mon, 03 Aug 2026 05:58 PM (IST)
Updated Date: Tue, 04 Aug 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਦੀ ਸੂਬਾ ਕਮੇਟੀ ਦੀ ਬੈਠਕ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਐੱਨਡੀ ਤਿਵਾੜੀ ਨੇ ਚਲਾਈ। ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਬੈਠਕ ਵਿਚ ਸਮੁੱਚੀ ਸੂਬਾ ਲੀਡਰਸ਼ਿਪ, ਵਿਭਾਗੀ ਜਥੇਬੰਦੀਆਂ ਦੀ ਲੀਡਰਸ਼ਿਪ ਅਤੇ ਜ਼ਿਲ੍ਹਾ ਅਹੁਦੇਦਾਰਾਂ ਤੋਂ ਤਿਆਰੀ ਸਬੰਧੀ ਵਿਚਾਰ ਲਏ ਗਏ। ਉਨ੍ਹਾਂ ਆਪਣੇ ਵਿਚਾਰਾਂ ਵਿਚ ਦੱਸਿਆ ਕਿ ਉਨ੍ਹਾਂ ਦੀਆਂ ਤਿਆਰੀਆਂ ਮੁਕੰਮਲ ਹਨ, ਮੁਲਾਜ਼ਮਾਂ ਵਿਚ ਪੰਜਾਬ ਸਰਕਾਰ ਵਿਰੁੱਧ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਵੱਡੀ ਗਿਣਤੀ ਵਿਚ ਚੰਡੀਗੜ੍ਹ ਮਹਾਂ ਰੈਲੀ ’ਚ ਸ਼ਾਮਲ ਹੋਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਸਰਕਾਰ ਵਿਰੁੱਧ ਰੋਸ ਅਤੇ ਉਤਸ਼ਾਹ ਨੂੰ ਦੇਖਦਿਆਂ ਸੱਤ ਅਗਸਤ ਦੀ ਮਹਾਂ ਰੈਲੀ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਲਈ ਚੰਡੀਗੜ੍ਹ ਜਾਣ ਲਈ ਕੋਟਾ ਨਿਰਧਾਰਤ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ 7 ਅਗਸਤ ਦੀ ਮਹਾ ਰੈਲੀ ਦੀ ਤਿਆਰੀ ਲਈ ਸੂਬਾ ਪ੍ਰਧਾਨ ਸਾਥੀ ਗਗਨਦੀਪ ਸਿੰਘ ਭੁੱਲਰ ਨੇ ਨਿਰਦੇਸ਼ ਦਿੱਤੇ ਕਿ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਲਾਮਬੰਦੀ ਲਈ ਪੂਰੀ ਵਾਹ ਲਗਾਈ ਜਾਵੇ ਅਤੇ ਸੱਤ ਅਗਸਤ ਨੂੰ ਸਰਕਾਰ ਵਿਰੁੱਧ ਲੜੀ ਜਾਣ ਵਾਲੀ ਆਰਪਾਰ ਦੀ ਲੜਾਈ ਲਈ ਕਮਰ ਕੱਸੇ ਕੀਤੇ ਜਾਣ ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ। ਸੂਬਾ ਸੀਨੀਅਰ ਮੀਤ ਨਵਪ੍ਰੀਤ ਬੱਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, ਉੱਥੇ ਡੀਏ 18 ਫ਼ੀਸਦੀ ਰਿਲੀਜ਼ ਕਰਨ ਦੀ ਥਾਂ ‘ਆਪ’ ਸਰਕਾਰ ਉੱਚ ਅਦਾਲਤ ਵਿਚ ਸਿੱਧੇ ਤੌਰ ’ਤੇ ਵਕੀਲਾਂ ਦੀ ਵੱਡੀ ਫ਼ੌਜ ਖੜ੍ਹੀ ਕਰ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸੰਘੀ ਘੁੱਟਣ ਦੇ ਰਾਹ ਪੈ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਮੁਲਾਜ਼ਮਾਂ ਨਾਲ ਪੰਗਾਂ ਲੈਣਾ ਮਹਿੰਗਾ ਪੈਣ ਵਾਲਾ ਹੈ। ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ, ਉਲਟਾ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। 200 ਰੁਪਏ ਜਜ਼ੀਆ ਟੈਕਸ ਵਾਪਸ ਲੈਣ, 4/9/14 ਦੀ ਸਰਵਿਸ ਮੁਕੰਮਲ ਕਰਨ ਤੇ ਸਪੈਸ਼ਲ ਇੰਕਰੀਮੈਂਟ ਨਾਲ ਉੱਚ ਤਨਖਾਹ ਸਕੇਲ ਦਿੱਤਾ ਜਾਵੇ, 17 ਜੁਲਾਈ 2020 ਅਤੇ 15 ਜਨਵਰੀ 2015 ਦਾ ਪੱਤਰ ਰੱਦ ਕਰਨਾ, 2.59 ਗੁਣਾਕ ਨਾਲ ਪੈਨਸ਼ਰ ਲਾਭ ਦੇਣ ਆਦਿ ਮੁੱਖ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ਵਰਚੂਅਲ ਮੀਟਿੰਗ ’ਚ ਸੂਬਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਪਾਲ ਕੌਰ ਤੇ ਬਿੱਕਰ ਸਿੰਘ ਮਾਖਾ, ਵਿੱਤ ਸਕੱਤਰ ਗੁਲਜ਼ਾਰ ਖ਼ਾਨ, ਸੁਖਵਿੰਦਰ ਸਿੰਘ ਦੋਦਾ, ਸੋਮ ਸਿੰਘ, ਮੁਨੱਵਰ ਜਹਾਂ, ਚਰਨਜੀਤ ਸਿੰਘ ਸਿੱਧੂ, ਸੁਰਿੰਦਰ ਕੰਬੋਜ, ਗੁਰੇਕ ਸਿੰਘ, ਰਸ਼ਮਿੰਦਰ ਪਾਲ ਸੋਨੂੰ, ਰਾਕੇਸ਼ ਬੰਟੀ, ਜਸਵਿੰਦਰ ਸਿੰਘ ਫ਼ਾਜ਼ਿਲਕਾ, ਰੇਸ਼ਮ ਸਿੰਘ ਅਬੋਹਰ, ਕਰਮਦੀਨ, ਕੰਵਲਜੀਤ ਅੰਮ੍ਰਿਤਸਰ,ਪ੍ਰਗਟ ਸਿੰਘ ਜੰਬਰ, ਜਤਿੰਦਰ ਸਿੰਘ ਸੋਨੀ, ਲਾਲ ਚੰਦ ਬੰਗਾ, ਗੁਰਜੀਤ ਸਿੰਘ ਮੁਹਾਲੀ, ਸੁੱਚਾ ਸਿੰਘ ਚਾਹਲ, ਗੁਰਮੀਤ ਸਿੰਘ ਖ਼ਾਲਸਾ, ਅਮਨ ਕੁਮਾਰ ਲੰਬੀ, ਲਖਵਿੰਦਰ ਲਾਡੀ, ਪਰਮਲ ਸਿੰਘ, ਹਰਦੀਪ ਕੁਮਾਰ ਸੰਗਰੂਰ, ਗੁਰਪ੍ਰੀਤ ਸਿੰਘ ਸੰਧੂ, ਭੁਪਿੰਦਰ ਸਿੰਘ, ਹਿੰਮਤ ਸਿੰਘ ਦੁਦੋਵਾਲ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਮੀਡੀਆ ਨੂੰ ਇਹ ਜਾਣਕਾਰੀ ਸੂਬਾ ਪ੍ਰੈੱਸ ਸਕੱਤਰ ਕੰਵਲਜੀਤ ਸੰਗੋਵਾਲ ਨੇ ਜਾਰੀ ਕੀਤੀ।