4.22 ਕਰੋੜ ਦੇ ਪ੍ਰਾਜੈਕਟਾਂ ਨਾਲ ਬਦਲੇਗੀ ਸ਼ਹਿਰ ਦੀ ਨੁਹਾਰ : ਵਿਧਾਇਕ ਰੰਧਾਵਾ
ਜ਼ੀਰਕਪੁਰ ਦੇ ਵਿਕਾਸ ਲਈ ਵਿਧਾਇਕ ਰੰਧਾਵਾ ਦਾ ਵੱਡਾ ਧਮਾਕਾ: 4.22 ਕਰੋੜ ਦੇ ਪ੍ਰੋਜੈਕਟਾਂ ਨਾਲ ਬਦਲੇਗੀ ਸ਼ਹਿਰ ਦੀ ਨੁਹਾਰ
Publish Date: Mon, 23 Feb 2026 08:04 PM (IST)
Updated Date: Mon, 23 Feb 2026 08:07 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸੋਮਵਾਰ ਨੂੰ ਜ਼ੀਰਕਪੁਰ ਨਗਰ ਕੌਂਸਲ ਅਧੀਨ ਆਉਂਦੇ ਇਲਾਕਿਆਂ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਉਂਦਿਆਂ ਕੁੱਲ 4 ਕਰੋੜ 22 ਲੱਖ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਵਿਧਾਇਕ ਰੰਧਾਵਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ।
ਵਾਰਡ ਨੰ. 15 ਅਤੇ 16 ਨੂੰ ਮਿਲੀ ਵੱਡੀ ਸੌਗਾਤ : ਵਿਧਾਇਕ ਰੰਧਾਵਾ ਨੇ ਵਿਕਾਸ ਕਾਰਜਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਦੋ ਪ੍ਰਮੁੱਖ ਵਾਰਡਾਂ ਵਿਚ ਵੱਡੇ ਪੱਧਰ 'ਤੇ ਕੰਮ ਸ਼ੁਰੂ ਕਰਵਾਏ ਗਏ ਹਨ, ਜਿਨ੍ਹਾਂ ਵਿਚ ਵਾਰਡ ਨੰ. 15 ’ਚ 2 ਕਰੋੜ 20 ਲੱਖ 50 ਹਜ਼ਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਰਾਸ਼ੀ ਨਾਲ ਵੱਖ-ਵੱਖ ਸੜਕਾਂ ਦੀ ਨਵੀਂ ਉਸਾਰੀ ਕੀਤੀ ਜਾਵੇਗੀ ਅਤੇ ਸਭ ਤੋਂ ਮਹੱਤਵਪੂਰਨ 'ਸਟਾਰਮ ਸੀਵਰੇਜ' (ਬਰਸਾਤੀ ਪਾਣੀ ਦੀ ਨਿਕਾਸੀ) ਪਾਈਪਲਾਈਨ ਪਾਈ ਜਾਵੇਗੀ। ਇਸ ਤੋਂ ਇਲਾਵਾ ਵਾਰਡ ਨੰ. 16 ਲਈ 2 ਕਰੋੜ 1 ਲੱਖ 50 ਹਜ਼ਾਰ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇੱਥੇ ਸਟਾਰਮ ਸੀਵਰੇਜ ਦੇ ਨਾਲ-ਨਾਲ ਸੜਕਾਂ 'ਤੇ ਉੱਚ ਗੁਣਵੱਤਾ ਵਾਲੀਆਂ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਬਰਸਾਤੀ ਪਾਣੀ ਅਤੇ ਟੁੱਟੀਆਂ ਸੜਕਾਂ ਤੋਂ ਮਿਲੇਗੀ ਨਿਜਾਤ : ਜ਼ੀਰਕਪੁਰ ਵਿਚ ਬਾਰਿਸ਼ ਦੌਰਾਨ ਸੜਕਾਂ 'ਤੇ ਪਾਣੀ ਜਮ੍ਹਾਂ ਹੋਣਾ ਇਕ ਗੰਭੀਰ ਸਮੱਸਿਆ ਰਹੀ ਹੈ। ਵਿਧਾਇਕ ਨੇ ਭਰੋਸਾ ਦਿੱਤਾ ਕਿ ਸਟਾਰਮ ਸੀਵਰੇਜ ਲਾਈਨ ਵਿਛਾਉਣ ਨਾਲ ਮੌਸਮੀ ਬਾਰਿਸ਼ ਦੇ ਪਾਣੀ ਦੀ ਨਿਕਾਸੀ ਤੁਰੰਤ ਹੋਵੇਗੀ, ਜਿਸ ਨਾਲ ਨਾ ਸਿਰਫ਼ ਸੜਕਾਂ ਦੀ ਉਮਰ ਵਧੇਗੀ, ਸਗੋਂ ਲੋਕਾਂ ਨੂੰ ਆਵਾਜਾਈ ਵਿਚ ਆ ਰਹੀਆਂ ਦਿੱਕਤਾਂ ਤੋਂ ਵੀ ਸਥਾਈ ਰਾਹਤ ਮਿਲੇਗੀ।
‘ਆਪ’ ਸਰਕਾਰ ਤੇਜ਼ ਰਫ਼ਤਾਰ ਵਿਕਾਸ ਲਈ ਵਚਨਬੱਧ : ਨੀਂਹ ਪੱਥਰ ਰੱਖਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਾਰਦਰਸ਼ੀ ਪ੍ਰਸ਼ਾਸਨ ਅਤੇ ਪੱਖਪਾਤ ਰਹਿਤ ਵਿਕਾਸ ਵਿਚ ਵਿਸ਼ਵਾਸ ਰੱਖਦੀ ਹੈ। ਹਰ ਵਾਰਡ ਵਿਚ ਸਮਾਨ ਤੌਰ ’ਤੇ ਕੰਮ ਕਰਵਾਏ ਜਾ ਰਹੇ ਹਨ ਤਾਂ ਜੋ ਜ਼ੀਰਕਪੁਰ ਨੂੰ ਇਕ ਆਧੁਨਿਕ ਅਤੇ ਸੁਵਿਧਾਜਨਕ ਸ਼ਹਿਰ ਵਜੋਂ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਵੱਡੇ ਪ੍ਰਾਜੈਕਟ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਇਸ ਮੌਕੇ ਨਗਰ ਕੌਂਸਲ ਅਧਿਕਾਰੀ, ਪਾਰਟੀ ਦੇ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਵਿਕਾਸ ਕਾਰਜਾਂ ਦੀ ਸ਼ੁਰੂਆਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।