- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਰੰਧਾਵਾ ਨੇ ਨਵੇਂ ਹਾਈ ਲੈਵਲ ਪੁਲ਼ ਦਾ ਨੀਂਹ ਪੱਥਰ ਰੱਖਿਆ,

-29.45 ਕਰੋੜ ਰੁਪਏ ਦੀ ਲਾਗਤ ਵਾਲਾ ਪੁਲ਼ 18 ਮਹੀਨਿਆਂ ’ਚ ਹੋਵੇਗਾ ਮੁਕੰਮਲ; ਆਵਾਜਾਈ ਨੂੰ ਮਿਲੇਗੀ ਨਿਰਵਿਘਨ ਸਹੂਲਤ : ਵਿਧਾਇਕ ਰੰਧਾਵਾ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਵਿਚ ਮੁਬਾਰਕਪੁਰ-ਢਕੌਲੀ ਸੜਕ ’ਤੇ ਮੁਬਾਰਕਪੁਰ ਵਿਖੇ ਘੱਗਰ ਦਰਿਆ ’ਤੇ ਬਣਾਏ ਜਾਣ ਵਾਲੇ ਨਵੇਂ ਹਾਈ ਲੈਵਲ ਪੁਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਮੁਬਾਰਕਪੁਰ-ਢਕੌਲੀ ਸੜਕ ਡੇਰਾਬੱਸੀ ਵਿਧਾਨ ਸਭਾ ਹਲਕੇ ਦੀ ਇਕ ਮਹੱਤਵਪੂਰਨ ਸੜਕ ਹੈ, ਜੋ ਇਲਾਕੇ ਦੇ ਲੋਕਾਂ ਅਤੇ ਹੋਰ ਰਾਹਗੀਰਾਂ ਦੀ ਆਵਾਜਾਈ ਲਈ ਅਹਿਮ ਰਸਤਾ ਹੈ। ਇਸ ਸਥਾਨ ’ਤੇ ਘੱਗਰ ਦਰਿਆ ਇਸ ਸੜਕ ਨੂੰ ਪਾਰ ਕਰਦਾ ਹੈ ਅਤੇ ਸਾਲ 2016 ’ਚ ਇੱਥੇ ਪਹੁੰਚ ਮਾਰਗ ਸਮੇਤ ਕਾਜ਼ਵੇਅ ਬਣਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੌਸਮ ਅਤੇ ਹੜ੍ਹਾਂ ਦੌਰਾਨ ਜਦੋਂ ਪਾਣੀ ਇਸ ਰਸਤੇ ਤੋਂ ਉੱਪਰ ਵਹਿਣ ਲੱਗਦਾ ਹੈ ਤਾਂ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਵੱਲੋਂ ਮੌਜੂਦਾ ਰਸਤੇ ਦੀ ਥਾਂ ਨਵਾਂ ਹਾਈ ਲੈਵਲ ਪੁਲ਼ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਆਵਾਜਾਈ ਨੂੰ ਸੁਚਾਰੂ ਅਤੇ ਨਿਰਵਿਘਨ ਬਣਾਇਆ ਜਾ ਸਕੇਗਾ। ਕਾਰਜਕਾਰੀ ਇੰਜੀਨੀਅਰ ਹਰਪ੍ਰੀਤ ਕਟਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਹਾਈ ਲੈਵਲ ਪੁਲ਼ ਦੀ ਉਸਾਰੀ ਲਈ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਪ੍ਰਾਜੈਕਟ 5054 ਆਰਬੀ-10 ਤਹਿਤ 2,944.54 ਲੱਖ ਰੁਪਏ, ਭਾਵ ਲਗਭਗ 29.45 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸਾਰੀ ਦਾ ਕੰਮ 18 ਮਹੀਨਿਆਂ ਵਿਚ ਮੁਕੰਮਲ ਕਰਨ ਦਾ ਟੀਚਾ ਹੈ। ਪੁਲ਼ ਦੇ ਬਣਨ ਨਾਲ ਮੁਬਾਰਕਪੁਰ ਅਤੇ ਢਕੌਲੀ ਵਿਚਕਾਰ ਆਵਾਜਾਈ ਵਧੇਰੇ ਸੁਰੱਖਿਅਤ ਅਤੇ ਸੁਚਾਰੂ ਹੋਵੇਗੀ ਅਤੇ ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲਣਗੀਆਂ। ਇਸ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਵਿਰਕ, ਨਗਰ ਕੌਂਸਲ ਡੇਰਾਬੱਸੀ ਤੋਂ ਆਸ਼ੂ ਉਪਨੇਜਾ, ਨਗਰ ਕੌਂਸਲ ਲਾਲੜੂ ਤੋਂ ਜੋਰਾਵਰ ਸਿੰਘ, ਜ਼ੀਰਕਪੁਰ ਦੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਡੇਰਾਬੱਸੀ ਤੋਂ ਦਵਿੰਦਰ ਸੈਣੀ, ਲਾਲੜੂ ਤੋਂ ਹਰੀਸ਼ ਮਦਾਨ, ਐੱਸਡੀਓ ਜਸਪਾਲ ਸਿੰਘ ਗੰਧਾਰਾ ਤੋਂ ਇਲਾਵਾ ਸਥਾਨਕ ਅਹੁਦੇਦਾਰ, ਪੰਚ ਅਤੇ ਸਰਪੰਚ ਹਾਜ਼ਰ ਸਨ।