2.36 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਵਿਧਾਇਕ ਰੰਧਾਵਾ ਨੇ ਰੱਖਿਆ ਨੀਂਹ ਪੱਥਰ
2.36 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਵਿਧਾਇਕ ਰੰਧਾਵਾ ਨੇ ਰੱਖਿਆ ਨੀਂਹ ਪੱਥਰ
Publish Date: Mon, 16 Feb 2026 07:46 PM (IST)
Updated Date: Mon, 16 Feb 2026 07:48 PM (IST)

- ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਦਿੱਤਾ ਭਰੋਸਾ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜ਼ੀਰਕਪੁਰ ਸ਼ਹਿਰ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਸੋਮਵਾਰ ਨੂੰ ਵਾਰਡ ਨੰ. 26 ਵਿਚ ਵਿਕਾਸ ਕਾਰਜਾਂ ਦੀ ਝੜੀ ਲਗਾ ਦਿੱਤੀ ਗਈ। ਇਸ ਮੌਕੇ ਵਿਧਾਇਕ ਰੰਧਾਵਾ ਨੇ ਇਲਾਕੇ ਵਿਚ ਕਰੀਬ 2 ਕਰੋੜ 36 ਲੱਖ 15 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਨੂੰ ਇਕ ਯੋਜਨਾਬੱਧ ਅਤੇ ਆਧੁਨਿਕ ਸ਼ਹਿਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਸਪੱਸ਼ਟ ਕੀਤਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਘਟੀਆ ਸਮੱਗਰੀ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਇਨ੍ਹਾਂ ਵਿਕਾਸ ਕਾਰਜਾਂ ਵਿਚ ਮੁੱਖ ਤੌਰ ਤੇ ਡਰੇਨੇਜ ਪ੍ਰਣਾਲੀ ਅਤੇ ਸੜਕਾਂ ਦੇ ਨਿਰਮਾਣ ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਐੱਸਏਆਈ (ਸਪੋਰਟਸ ਅਥਾਰਟੀ ਆਫ਼ ਇੰਡੀਆ) ਅਕੈਡਮੀ ਤੋਂ ਗੁਰਦੁਆਰਾ ਨਾਭਾ ਸਾਹਿਬ ਤਕ (49.87 ਲੱਖ) ਅਤੇ ਸੱਟ ਪਾਰਕਿੰਗ ਨੇੜੇ (24.85 ਲੱਖ) 1600 ਮਿਮੀ ਆਰਸੀਸੀ ਪਾਈਪਾਂ ਪਾਈਆਂ ਜਾਣਗੀਆਂ। ਪਿੰਡ ਨਾਭਾ/ਜੇਨੀ ਦੀਆਂ ਗਲੀਆਂ (49.20 ਲੱਖ), ਪਿੰਡ ਨਾਭਾ ਦੀਆਂ ਅੰਦਰੂਨੀ ਗਲੀਆਂ (48.01 ਲੱਖ) ਅਤੇ ਸ਼ੀਸ਼ਾ ਰੋਡ ਦੀਆਂ ਗਲੀਆਂ (24.46 ਲੱਖ) ਦੀ ਮੁਰੰਮਤ ਹੋਵੇਗੀ। ਪਟਿਆਲਾ ਰੋਡ ਤੋਂ ਹੋਲੀ ਫੈਮਿਲੀ ਸਕੂਲ ਤੱਕ ਸੜਕ ਦੀ ਮੁਰੰਮਤ ਤੇ 16.03 ਲੱਖ ਰੁਪਏ ਖਰਚੇ ਜਾਣਗੇ। ਪੱਪੀ ਹਾਊਸ ਤੋਂ ਗਿਆਨੀ ਹਾਊਸ ਤੱਕ ਸਟਾਰਮ ਸੀਵਰ ਅਤੇ ਗਲੀ ਦਾ ਨਿਰਮਾਣ (23.73 ਲੱਖ) ਕੀਤਾ ਜਾਵੇਗਾ। ਵਿਧਾਇਕ ਨੇ ਅਖੀਰ ਵਿਚ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਇਲਾਕੇ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਲੋਕਾਂ ਨੂੰ ਟੁੱਟੀਆਂ ਸੜਕਾਂ ਤੋਂ ਨਿਜਾਤ ਮਿਲੇਗੀ।