ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਤੋਂ 5ਵੀਂ ਬੱਸ ਰਵਾਨਾ
ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਤੋਂ 5ਵੀਂ ਬੱਸ ਰਵਾਨਾ
Publish Date: Fri, 20 Feb 2026 05:20 PM (IST)
Updated Date: Fri, 20 Feb 2026 05:21 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ੁੱਕਰਵਾਰ ਨੂੰ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆਂ ਦੀ 5ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਟੌਰ ਵਿਖੇ ਪਹੁੰਚ ਕੇ ਬੱਸ ਨੂੰ ਰਵਾਨਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਅੱਜ ਹਲਕਾ ਮੁਹਾਲੀ ਤੋਂ ਸ਼ਰਧਾਲੂਆਂ ਦੀ ਪੰਜਵੀਂ ਬੱਸ ਰਵਾਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ’ਚ ਇਸ ਯੋਜਨਾ ਨੂੰ ਲੈ ਕੇ ਬੇਹੱਦ ਸ਼ਰਧਾ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਵੀ ਬਹੁਤ ਸਕੂਨ ਅਤੇ ਤਸੱਲੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸਭ ਧਰਮਾਂ ਦੇ ਕੇਂਦਰੀ ਸਥਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਜਥਾ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ, ਵਾਲਮੀਕਿ ਮੰਦਰ ਅਤੇ ਜਲਿਆਂਵਾਲਾ ਬਾਗ਼ ਦੇ ਦਰਸ਼ਨ ਕਰੇਗਾ ਅਤੇ ਇਸ ਤੋਂ ਬਾਅਦ ਅਟਾਰੀ-ਵਾਹਗਾ ਬਾਰਡਰ ਵੀ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਆਉਣ-ਜਾਣ ਅਤੇ ਰਹਿਣ ਦੀ ਸੰਪੂਰਨ ਵਿਵਸਥਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਕੀਤੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿੱਥੇ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਧਾਰਮਿਕ ਆਸਥਾ ਦੇ ਕੇਂਦਰ ਹਨ, ਉੱਥੇ ਜਲਿਆਂਵਾਲਾ ਬਾਗ਼ ਪਹੁੰਚ ਕੇ ਸਾਡੇ ਸ਼ਹੀਦਾਂ ਦੀ ਕੁਰਬਾਨੀ ਭਰਿਆ ਇਤਿਹਾਸ ਯਾਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਵੀ ਇਸ ਤਰ੍ਹਾਂ ਦੀ ਯਾਤਰਾ ਯੋਜਨਾ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਯੋਜਨਾ ਨੂੰ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਕਿਹਾ ਕਿ ਚੋਣਾਂ ਤੈਅ ਸਮੇਂ ਅਨੁਸਾਰ ਹੀ ਕਰਵਾਈਆਂ ਜਾਣਗੀਆਂ। ਸਬੰਧਤ ਵਿਭਾਗ ਵੱਲੋਂ ਮਾਨਯੋਗ ਅਦਾਲਤ ਵਿਚ ਆਪਣਾ ਪੱਖ ਰੱਖਿਆ ਜਾ ਚੁੱਕਾ ਹੈ ਅਤੇ ਚੋਣਾਂ ਇਕ ਲੋਕਤੰਤਰਿਕ ਪ੍ਰਕਿਰਿਆ ਹਨ, ਜੋ ਨਿਯਤ ਸਮੇਂ ਅੰਦਰ ਹੀ ਹੋਣਗੀਆਂ। ਇਸ ਮੌਕੇ ਸਾਬਕਾ ਕੌਂਸਲਰ ਫੂਲਰਾਜ ਸਿੰਘ (ਹਲਕਾ ਕੋਆਰਡੀਨੇਟਰ), ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ, ਰਣਦੀਪ ਸਿੰਘ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ, ਸੁਰਿੰਦਰ ਸਿੰਘ ਸ਼ਿੰਦਾ, ਅਕਬਿੰਦਰ ਸਿੰਘ ਗੋਸਲ ਅਤੇ ਜਤਿੰਦਰ ਸਿੰਘ ਪੰਮਾ ਵੀ ਹਾਜ਼ਰ ਸਨ।