ਵਿਰੋਧੀ ਪਾਰਟੀਆਂ ਕੋਲ ਲੋਕਾਂ ’ਚ ਜਾਣ ਲਈ ਕੋਈ ਏਜੰਡਾ ਨਹੀਂ : ਕੁਲਵੰਤ ਸਿੰਘ ਵਿਧਾਇਕ ਕੁਲਵੰਤ ਸਿੰਘ ਨੇ ਲਾਭਪਾਤਰੀਆਂ ਨੂੰ ਦਿੱਤੇ 2-2 ਲੱਖ ਰੁਪਏ ਦੀ ਗਰਾਂਟ ਦੇ ਚੈੱਕ
Publish Date: Thu, 08 Oct 2026 06:18 PM (IST)
Updated Date: Fri, 09 Oct 2026 04:06 AM (IST)
- ਵਿਧਾਇਕ ਕੁਲਵੰਤ ਸਿੰਘ ਨੇ ਲਾਭਪਾਤਰੀਆਂ ਨੂੰ ਦਿੱਤੇ 2-2 ਲੱਖ ਰੁਪਏ ਦੀ ਗਰਾਂਟ ਦੇ ਚੈੱਕ -‘ਆਪ’ ਸਰਕਾਰ ਗਰੀਬ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਣਬੱਧ : ਕੁਲਵੰਤ ਸਿੰਘ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਵਿਚ ਕਿਸੇ ਵੀ ਵਿਰੋਧੀ ਪਾਰਟੀ ਕੋਲ ਲੋਕਾਂ ਦੀ ਕਚਹਿਰੀ ’ਚ ਜਾਣ ਲਈ ਕੋਈ ਏਜੰਡਾ ਨਹੀਂ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਸਾਰੇ ਕੰਮ ਕਰ ਦਿੱਤੇ ਹਨ, ਜਿਹੜੀਆਂ ਗਰੰਟੀਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਦਿੱਤੀਆਂ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ। ਇਹ ਗੱਲ ਮੁਹਾਲੀ ਦੇ ਸੈਕਟਰ-79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਹੀ। ਇਸ ਮੌਕੇ ਉਨ੍ਹਾਂ ਮੁਹਾਲੀ ਹਲਕੇ ਦੇ ਲੋੜਵੰਦ ਪਰਿਵਾਰਾਂ ਨੂੰ ਕੱਚੇ ਘਰਾਂ ਨੂੰ ਪੱਕੇ ਬਣਾਉਣ ਲਈ 10 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ। ਉਨ੍ਹਾਂ ਪਿੰਡ ਰੁੜਕਾ ਦੀ ਪਰਮਜੀਤ ਕੌਰ ਅਤੇ ਮਲਕੀਤ ਕੌਰ ਨੂੰ 2-2 ਲੱਖ ਰੁਪਏ, ਪਿੰਡ ਲਖਨੌਰ ਦੇ ਅਸ਼ੋਕ ਕੁਮਾਰ ਅਤੇ ਪਿੰਡ ਕੁੰਬੜਾ ਦੇ ਮਿਹਰ ਸਿੰਘ ਅਤੇ ਬਲੌਂਗੀ ਦੇ ਮੰਗਤ ਸਿੰਘ ਨੂੰ ਵੀ 2-2 ਲੱਖ ਰੁਪਏ ਦੇ ਚੈੱਕ ਦਿੱਤੇ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਲਗਭਗ 200 ਕੱਚੇ ਘਰਾਂ ਨੂੰ ਪੱਕਾ ਕਰਨ ਲਈ ਦੋ-ਦੋ ਲੱਖ ਰੁਪਏ ਦੇ ਚੈੱਕ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਹਨ ਜਦੋਂਕਿ ਉਹ ਨਿੱਜੀ ਤੌਰ ’ਤੇ ਵੀ 100 ਤੋਂ ਵੱਧ ਕੱਚੇ ਘਰਾਂ ਨੂੰ ਪੱਕਾ ਕਰਵਾ ਚੁੱਕੇ ਹਨ, ਜਿਨਾਂ ’ਚ ਕਈ ਘਰਾਂ ਦੀਆਂ ਛੱਤਾਂ ਬਦਲੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਜਿਹੀ ਪਹਿਲੀ ਯੋਜਨਾ ਹੈ, ਜਿਸ ਤਹਿਤ ਕੱਚੇ ਘਰਾਂ ਲਈ ਪੈਸੇ ਦਿੱਤੇ ਜਾ ਰਹੇ ਹਨ। ਇਹ ਸਿਲਸਿਲਾ ਆਉਂਦੇ ਦਿਨਾਂ ’ਚ ਵੀ ਜਾਰੀ ਰਹੇਗਾ। ਅਜਿਹੀ ਸਕੀਮ ਪਹਿਲੇ ਕਿਸੇ ਸਰਕਾਰ ਨੇ ਸ਼ੁਰੂ ਕਰਨ ਦੀ ਜਹਿਮਤ ਨਹੀਂ ਉਠਾਈ। ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਹਰਮੇਸ਼ ਸਿੰਘ ਕੁੰਬੜਾ, ਸਾਬਕਾ ਸਰਪੰਚ ਕਿਰਨਦੀਪ ਕੌਰ ਤੇ ਹਰਜੀਤ ਸਿੰਘ ਢਿੱਲੋਂ, ਅਮਨਦੀਪ ਸਿੰਘ ਲਖਨੌਰ, ਮੁਖਤਿਆਰ ਸਿੰਘ, ਭੁਪਿੰਦਰ ਸਿੰਘ ਪੰਚ ਵੀ ਹਾਜ਼ਰ ਸਨ। ਬਾਕਸ : ਕੂੜਾ ਪ੍ਰਬੰਧਨ ਮਾਮਲੇ ਬਾਰੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ ਤੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ਦੀ ਟੀਮ ਲੱਗੀ ਹੋਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਜਲਦੀ ਹੀ ਕੂੜੇ ਦੀ ਸਮੱਸਿਆ ਤੋਂ ਪੱਕੇ ਤੌਰ ’ਤੇ ਨਿਜਾਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਲੋਕਾਂ ਇਸ ਗੱਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕੂੜਾ ਨਿਸ਼ਚਿਤ ਥਾਵਾਂ ਉੱਤੇ ਹੀ ਸੁੱਟਣ। ਪਿੰਡਾਂ ਦੀਆਂ ਲਿੰਕ ਨਵੇਂ ਸਿਰਿਓਂ ਬਣਾਈਆਂ ਜਾ ਰਹੀਆਂ ਹਨ, ਕਈਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਸੜਕਾਂ ਵੀ ਜਲਦੀ ਬਣਾ ਦਿੱਤੀਆਂ ਜਾਣਗੀਆਂ। ਸ਼ਹਿਰ ’ਚ ਗੋਲ ਚੌਂਕ ਵੀ ਜਲਦੀ ਬਣ ਜਾਣਗੇ।