ਤੀਰਥ ਯਾਤਰਾ : ਵਿਧਾਇਕ ਕੁਲਵੰਤ ਸਿੰਘ ਨੇ ਦੋ ਬੱਸਾਂ ਕੀਤੀਆਂ ਰਵਾਨਾ ਤੀਰਥ ਯਾਤਰਾ: ਵਿਧਾਇਕ ਕੁਲਵੰਤ ਸਿੰਘ ਨੇ ਦੋ ਬੱਸਾਂ ਨੂੰ ਕੀਤਾ ਰਵਾਨਾ
Publish Date: Wed, 07 Oct 2026 05:56 PM (IST)
Updated Date: Wed, 07 Oct 2026 05:59 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਕੰਡਾਲਾ ਅਤੇ ਬਲੌਂਗੀ ਤੋਂ ਸ਼ਰਧਾਲੂਆਂ ਦੀਆਂ ਦੋ ਵੱਖੋ-ਵੱਖ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੀਨੀਅਰ ਸਿਟੀਜਨਾਂ ਦਾ ਇਹ ਜਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕਿ ਮੰਦਰ, ਬਾਘਾ ਬਾਰਡਰ ਅਤੇ ਜੱਲਿਆਵਾਲਾ ਬਾਗ ਦੇ ਦਰਸ਼ਨ ਕਰੇਗਾ। ਇਸ ਦੌਰਾਨ ਇਕ ਮਾਹਰ ਗਾਈਡ ਹਰ ਪਲ ਸ਼ਰਧਾਲੂਆਂ ਦੇ ਨਾਲ ਮੌਜੂਦ ਰਹੇਗਾ। ਉਸ ਵੱਲੋਂ ਧਾਰਮਿਕ ਸਥਾਨਾਂ ਦੀ ਇਤਿਹਾਸਕ ਮਹੱਤਤਾ ਬਾਰੇ ਸ਼ਰਧਾਲੂਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਆਗੂ ਲੋਕ-ਪੱਖੀ ਸਕੀਮਾਂ ਬਾਰੇ ਲੋਕਾਂ ਨੂੰ ਗੁਮਰਾਹ ਕਰਨ ’ਤੇ ਲੱਗੇ ਹੋਏ ਹਨ, ਜਦਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜੋ ਗਰੰਟੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੌਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਸਾਰੇ ਪੂਰੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਸਰਕਾਰ ਜੋ ਕਹੇਗੀ, ਉਹ ਕਰਕੇ ਦਿਖਾਏਗੀ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਕਾਸ ਦੇ ਨਾਂ ’ਤੇ ਲੜੀਆਂ ਜਾਣਗੀਆਂ ਅਤੇ ਪਿਛਲੀ ਵਾਰ ਵਾਂਗ ਹੂੰਝਾਫੇਰ ਜਿੱਤ ਹਾਸਲ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਦੁਬਾਰਾ ਸਰਕਾਰ ਬਣਾਈ ਜਾਵੇਗੀ। ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ’ਚ ਹਜ਼ਾਰ ਤੋਂ ਵੱਧ ਮੁਹੱਲਾ ਕਲੀਨਿਕ ਚੱਲ ਰਹੇ ਹਨ। 10 ਲੱਖ ਰੁਪਏ ਮੁਫ਼ਤ ਸਿਹਤ ਬੀਮਾ ਯੋਜਨਾ, ਮਾਵਾਂ-ਧੀਆਂ ਸਤਿਕਾਰ ਯੋਜਨਾ, 600 ਯੂਨਿਟ ਬਿਜਲੀ ਬਿੱਲ ਮੁਆਫ਼ ਸਮੇਤ ਹੋਰ ਅਨੇਕਾਂ ਲੋਕ ਭਲਾਈ ਯੋਜਨਾਵਾਂ ਚੱਲ ਰਹੀਆਂ ਹਨ। ਹਲਕਾ ਕੋਆਰਡੀਨੇਟਰ ਤੇ ਸਟੇਟ ਐਵਾਰਡੀ ਫੂਲਰਾਜ ਸਿੰਘ ਨੇ ਕਿਹਾ ਕਿ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਰੋਜ਼ਾਨਾ ਵੱਡੀ ਗਿਣਤੀ ’ਚ ਸੀਨੀਅਰ ਸਿਟੀਜ਼ਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਤੀਰਥ ਯਾਤਰਾ ਦਾ ਪ੍ਰਬੰਧ, ਸ਼ਰਧਾਲੂਆਂ ਦੀ ਰਿਹਾਇਸ਼ ਆਦਿ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਇਸ ਮੌਕੇ ਆਪ ਆਗੂ ਕੁਲਦੀਪ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਹਰਪ੍ਰੀਤ ਸਿੰਘ ਸਰਪੰਚ ਕੰਡਾਲਾ, ਜਸਵਿੰਦਰ ਕੌਰ ਸਰਪੰਚ ਬਲੌਂਗੀ, ਮੁੱਖਣ ਸਿੰਘ ਸਾਬਕਾ ਸਰਪੰਚ, ਰਾਮ ਕੁਮਾਰ ਬਲੌਂਗੀ, ਰੀਟਾ ਬਲੌਂਗੀ, ਕਰਮਜੀਤ ਕੌਰ, ਦਵਿੰਦਰ ਸਿੰਘ ਸਰਪੰਚ, ਅਮਰਜੀਤ ਸਿੰਘ ਸਿੱਧੂ, ਮੰਗਨ ਲਾਲ, ਲਾਲ ਬਹਾਦਰ, ਕਮਲਜੀਤ ਸਿੰਘ ਮੌਜੂਦ ਸਨ।