ਵਿਧਾਇਕ ਕੁਲਵੰਤ ਸਿੰਘ ਵੱਲੋਂ ਯੂਜੀਐੱਸਆਰ ਇੰਡਸਟਰੀ ਖੇਤਰ ਦੇ ਲੋਕਾਂ ਨੂੰ ਸਮਰਪਿਤ ਵਿਧਾਇਕ ਕੁਲਵੰਤ ਸਿੰਘ ਵੱਲੋਂ ਯੂਜੀਐੱਸਆਰ ਇੰਡਸਟਰੀ ਖੇਤਰ ਦੇ ਲੋਕਾਂ ਨੂੰ ਸਮਰਪਿਤ
Publish Date: Fri, 18 Sep 2026 06:33 PM (IST)
Updated Date: Fri, 18 Sep 2026 06:35 PM (IST)
- ਟਿਊਬਵੈੱਲਾਂ ’ਤੇ ਨਿਰਭਰਤਾ ਘਟਣ ਨਾਲ ਧਰਤੀ ਹੇਠਲੇ ਪਾਣੀ ਦੀ ਹੋਵੇਗੀ ਬੱਚਤ : ਕੁਲਵੰਤ ਸਿੰਘ - 5.40 ਲੱਖ ਗੈਲਨ ਸਮਰੱਥਾ ਵਾਲੇ ਪ੍ਰੋਜੈਕਟ ਨਾਲ ਫੇਜ਼-8 ’ਚ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਹੋਵੇਗੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਇੰਡਸਟਰੀਅਲ ਏਰੀਆ ਫੇਜ਼-8 ਵਿਖੇ 2 ਕਰੋੜ 31 ਲੱਖ 16 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਅੰਡਰਗਰਾਊਂਡ ਸਰਵਿਸ ਰਿਜ਼ਰਵਾਇਰ (ਯੂਜੀਐੱਸਆਰ) ਦਾ ਉਦਘਾਟਨ ਕਰਦਿਆਂ ਇਸ ਨੂੰ ਇਲਾਕੇ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਸਥਾਈ ਹੱਲ ਵੱਲ ਅਹਿਮ ਕਦਮ ਦੱਸਿਆ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਕੁਲਵੰਤ ਸਿੰਘ ਵੱਲੋਂ 28 ਫਰਵਰੀ 2024 ਨੂੰ ਰੱਖਿਆ ਗਿਆ ਸੀ। ਇਹ ਪ੍ਰੋਜੈਕਟ ਸਾਲ ਅੰਦਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਇਸ ਪ੍ਰੋਜੈਕਟ ਲਈ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਅਤੇ ਸਮੁੱਚੀ ਅਧਿਕਾਰੀਆਂ ਦੀ ਟੀਮ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ 5.40 ਲੱਖ ਗੈਲਨ ਸਮਰੱਥਾ ਵਾਲੇ ਇਸ ਯੂਜੀਐੱਸਆਰ ਦੇ ਚਾਲੂ ਹੋਣ ਨਾਲ ਸਨਅਤੀ ਏਰੀਆ ਫੇਜ਼-8 ਅਤੇ 8-ਬੀ ਵਿਚ ਨਹਿਰੀ ਪਾਣੀ ਦੀ ਸਪਲਾਈ ਉਪਲਬਧ ਹੋਵੇਗੀ। ਇਸ ਯੂਜੀਐੱਸਆਰ ਨੂੰ ਪਿੰਡ ਸ਼ੀਰਪੁਰ ਸਥਿਤ ਵਾਟਰ ਟਰੀਟਮੈਂਟ ਪਲਾਂਟ ਤੋਂ ਰੋਜ਼ਾਨਾ 1.121 ਐੱਮਜੀਡੀ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ। ਕੁਲਵੰਤ ਸਿੰਘ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਟਿਊਬਵੈੱਲਾਂ ’ਤੇ ਨਿਰਭਰਤਾ ਘਟੇਗੀ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ’ਚ ਮਦਦ ਮਿਲੇਗੀ। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਸੰਭਾਲ ਅਤੇ ਸੁਚੱਜੀ ਵਰਤੋਂ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਇਸ ਲਈ ਬਿਨਾਂ ਵਜ੍ਹਾ ਪਾਣੀ ਦੀ ਬਰਬਾਦੀ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ’ਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਹੋਰ ਮਜ਼ਬੂਤ ਕਰਨ ਲਈ ਕਜੌਲੀ ਤੋਂ 20 ਐੱਮਜੀਡੀ ਪਾਣੀ ਦੀ ਉਪਲਬਧਤਾ ਵੀ ਹੋਣ ਜਾ ਰਹੀ ਹੈ, ਜਿਸ ਨਾਲ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਉਪਲਬਧਤਾ ਹੋਰ ਵਧੇਗੀ। ਇਸ ਮੌਕੇ ਮੇਅਰ ਸਰਬਜੀਤ ਸਿੰਘ ਸਮਾਣਾ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ, ਚੀਫ਼ ਇੰਜੀਨੀਅਰ ਨਰੇਸ਼ ਬੱਤਾ, ਕੌਂਸਲਰ ਹਰਪਾਲ ਸਿੰਘ ਬਰਾੜ, ਤਰਲੋਚਨ ਸਿੰਘ ਮਟੌਰ, ਜਸਪਾਲ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਬਲਿਆਲੀ, ਗੁਰਜਿੰਦਰ ਸਿੰਘ ਬੱਲੋਮਾਜਰਾ, ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਵੀਰ ਸਿੰਘ, ਐੱਮਆਈਏ ਦੇ ਪ੍ਰਧਾਨ ਅਸ਼ੋਕ ਗੁਪਤਾ, ਸਾਬਕਾ ਪ੍ਰਧਾਨ ਬਲਜੀਤ ਸਿੰਘ ਤੇ ਐੱਚਐੱਸ ਬਿੱਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।