ਵਿਧਾਇਕਾ ਨੇ ਨਵੇਂ ਫਾਇਰ ਸਟੇਸ਼ਨ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਨਿਆਗਾਓਂ ’ਚ ਨਵੇਂ ਫਾਇਰ ਸਟੇਸ਼ਨ ਦਾ ਨੀਂਹ ਪੱਥਰ
Publish Date: Mon, 30 Mar 2026 07:56 PM (IST)
Updated Date: Mon, 30 Mar 2026 07:57 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਹਲਕਾ ਖਰੜ ਦੇ ਨਿਆਗਾਓਂ ਵਿਖੇ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਫਾਇਰ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਨਵੇਂ ਫਾਇਰ ਸਟੇਸ਼ਨ ਲਈ 2 ਆਧੁਨਿਕ ਫਾਇਰ ਬ੍ਰਿਗੇਡ ਵਾਹਨ ਵੀ ਉਪਲਬੱਧ ਕਰਵਾਏ ਜਾਣਗੇ, ਜਿਸ ਨਾਲ ਇਲਾਕੇ ਵਿਚ ਅੱਗ ਜਾਂ ਹੋਰ ਐਮਰਜੈਂਸੀ ਘਟਨਾਵਾਂ ਦੌਰਾਨ ਤੁਰੰਤ ਸਹਾਇਤਾ ਪਹੁੰਚਾਉਣ ਵਿਚ ਵੱਡੀ ਸੁਵਿਧਾ ਮਿਲੇਗੀ। ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਇਲਾਕੇ ਦੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਐਮਰਜੈਂਸੀ ਸੇਵਾਵਾਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵੱਲੋਂ ਹਲਕਾ ਖਰੜ ਦੇ ਵਿਕਾਸ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਹਰ ਪੱਖੋਂ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਉਨ੍ਹਾਂ ਨਿਆਗਾਓਂ ਵਿਚ ਚੱਲ ਰਹੇ ਹੋਰ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 58 ਕਰੋੜ 17 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਐੱਸਟੀਪੀ ਪ੍ਰਾਜੈਕਟ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ 59 ਕਰੋੜ ਰੁਪਏ ਦੇ ਬਿਜਲੀ ਸਬੰਧੀ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ, ਜਦਕਿ ਬਿਜਲੀ ਸਬੰਧੀ ਹੋਰ ਕੰਮਾਂ ਲਈ 53 ਕਰੋੜ ਰੁਪਏ ਦੀ ਵਾਧੂ ਮਨਜ਼ੂਰੀ ਮਿਲੀ ਹੈ, ਜਿਸ ਦੇ ਤਹਿਤ ਅੰਡਰਗਰਾਊਂਡ ਬਿਜਲੀ ਤਾਰਾਂ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ 7.5 ਕਰੋੜ ਰੁਪਏ ਦੇ ਨਾਲ ਨਵਾਂ ਬਿਜਲੀ ਗਰਿੱਡ ਬਣਾਇਆ ਜਾ ਰਿਹਾ ਹੈ, ਜਦਕਿ 65 ਲੱਖ ਰੁਪਏ ਦੀ ਲਾਗਤ ਨਾਲ ਨਦੀ ਦੇ ਕੰਢੇ ਦੀ ਸੁਰੱਖਿਆ ਲਈ ਕਿਨਾਰਾ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਘਾ ਦੇਵੀ ਪੁਲ (3 ਕਰੋੜ 35 ਲੱਖ ਰੁਪਏ) ਦਾ ਕੰਮ ਲਗਭਗ ਮੁਕੰਮਲ ਹੈ ਅਤੇ ਇਸ ਦਾ ਉਦਘਾਟਨ ਕਰੀਬ ਡੇਢ ਮਹੀਨੇ ਵਿਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੁੱਡਾ ਲਾਹੌਰਾ ਤੋਂ ਕਰੋਰਾਂ ਲਿੰਕ ਰੋਡ (ਇਕ ਕਰੋੜ 12 ਲੱਖ), ਕਾਂਸਲ ਤੋਂ ਕੈਂਬਲ ਰੋਡ (93 ਲੱਖ) ਅਤੇ ਨਿਆਗਾਓਂ ਦੀਆਂ ਅੰਦਰੂਨੀ ਸੜਕਾਂ ਲਈ 7 ਕਰੋੜ 36 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ, ਨਾਲ ਹੀ ਨਾਡਾ ਸਰਕਾਰੀ ਸਕੂਲ ਲਈ 50 ਲੱਖ ਰੁਪਏ ਵੀ ਜਾਰੀ ਕੀਤੇ ਗਏ ਹਨ। ਇਸ ਮੌਕੇ ਨੀਲਮ ਸੋਹੀ, ਵਿਕਾਸ ਮੋਹਨ ਪੀਏ, ਜਗਤਾਰ ਸਿੰਘ ਨਾਡਾ, ਹਰਮੇਸ਼ ਸਿੰਘ ਐੱਮਸੀ, ਹਰਪ੍ਰੀਤ ਸਿੰਘ, ਸੁਨੀਲ ਕੁਮਾਰ ਬਲਾਕ ਪ੍ਰਧਾਨ, ਅਨਿਲ ਕੁਮਾਰ ਬਲਾਕ ਪ੍ਰਧਾਨ, ਰਿਤਿਕਾ ਭਾਰਦਵਾਜ, ਕਮਲ ਧਾਮੀ, ਸਿਕੰਦਰ ਸਿੰਘ ਯੂਥ ਲੀਡਰ ਅਤੇ ਪ੍ਰਿਤਪਾਲ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।