ਮਿਸ਼ਨ-2027: ਮੁਹਾਲੀ ’ਚ ਸਿਆਸੀ ਸਰਗਰਮੀਆਂ ਹੋਈਆਂ ਤੇਜ਼ ਮਿਸ਼ਨ-2027: ਮੁਹਾਲੀ ’ਚ ਸਿਆਸੀ ਸਰਗਰਮੀਆਂ ਹੋਈਆਂ ਤੇਜ਼
Publish Date: Mon, 19 Oct 2026 07:03 PM (IST)
Updated Date: Tue, 20 Oct 2026 04:01 AM (IST)
-ਵੱਖ-ਵੱਖ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਵੋਟਰਾਂ ਨਾਲ ਵਧਾਇਆ ਤਾਲਮੇਲ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਮੁਹਾਲੀ ਸਮੇਤ ਸੂਬੇ ਵਿਚ ਸਿਆਸੀ ਪਾਰਾ ਗਰਮਾਉਣ ਲੱਗਾ ਹੈ। ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਪ੍ਰਮੁੱਖ ਰਾਜਸੀ ਧਿਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਿਆਸੀ ਆਗੂਆਂ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵੱਖ-ਵੱਖ ਰਣਨੀਤੀਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਲੁਭਾਵਣੇ ਵਾਅਦੇ ਕੀਤੇ ਜਾ ਰਹੇ ਹਨ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਲਈ ਵਿਸ਼ੇਸ਼ ਲੋਕ ਮਿਲਣੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਪਹੁੰਚਾਇਆ ਜਾ ਰਿਹਾ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ ਜਾ ਰਹੇ ਹਨ ਅਤੇ ਨਾਲ ਹੀ ਲਾਲ ਡੋਰੇ ਦੇ ਅੰਦਰ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਉਨ੍ਹਾਂ ਦੇ ਹੱਕ ਦੇਣ ਲਈ ਸਰਕਾਰੀ ਦਸਤਾਵੇਜ਼ ਸੌਂਪੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਵੱਲ ਖਿਚਿਆ ਜਾ ਸਕੇ। ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਕਿਸੇ ਵੀ ਮੌਕੇ ਨੂੰ ਹੱਥੋਂ ਜਾਣ ਨਹੀਂ ਦੇ ਰਹੀ ਅਤੇ ਵੱਖ-ਵੱਖ ਮੌਕਿਆਂ ਅਤੇ ਬਹਾਨਿਆਂ ਰਾਹੀਂ ਆਮ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ’ਚ ਜੁੱਟੀ ਹੋਈ ਹੈ, ਪ੍ਰੰਤੂ ਜ਼ਿਆਦਾਤਰ ਭਾਜਪਾ ਆਗੂ ਮਹਿਜ਼ ਅਖ਼ਬਾਰੀ ਬਿਆਨਬਾਜ਼ੀ ਤੱਕ ਹੀ ਸੀਮਤ ਹਨ। ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਜ਼ਰੂਰ ਲੋਕਾਂ ਨਾਲ ਜੁੜੇ ਮੁੱਦੇ ਚੁੱਕ ਰਹੇ ਹਨ। ਬਾਕਸ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਲਈ ਲੋਕ ਰਾਇ ਪ੍ਰਾਪਤੀ ਮੁਹਿੰਮ ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ (ਘੋਸ਼ਣਾ ਪੱਤਰ) ਤਿਆਰ ਕਰਨ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਦਿੱਤੀ ਹੈ। ਇਸ ਬਹਾਨੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਅਤੇ ਮਹਿਲਾ ਆਗੂ ਹਰਜਿੰਦਰ ਕੌਰ ਬੈਦਵਾਨ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਹੇ ਹਨ ਤਾਂ ਜੋ ਜ਼ਮੀਨੀ ਹਕੀਕਤਾਂ ਅਤੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਮੈਨੀਫੈਸਟੋ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ। ਇਸ ਦੌਰਾਨ ਉਹ ਸੂਬਾ ਸਰਕਾਰ ਨੂੰ ਵੀ ਭੰਡ ਰਹੇ ਹਨ ਅਤੇ ਵੱਡੇ ਵੱਡੇ ਵਾਅਦੇ ਤੇ ਵਾਅਦੇ ਕੀਤੇ ਜਾ ਰਹੇ ਹਨ। ਬਾਕਸ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਨੇ ਵਧਾਇਆ ਸੰਪਰਕ ਕਾਂਗਰਸ ਵੱਲੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਨੁੱਕੜ ਮੀਟਿੰਗਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਰਾਹੀਂ ਘਰ-ਘਰ ਅਤੇ ਢਾਣੀ-ਢਾਣੀ ਜਾ ਕੇ ਵੋਟਰਾਂ ਨਾਲ ਸਿੱਧਾ ਸੰਵਾਦ ਰਚਾਇਆ ਜਾ ਰਿਹਾ ਹੈ। ਸਿੱਧੂ ਪਰਿਵਾਰ ਜਿੱਥੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਉੱਥੇ ਕੁਲਜੀਤ ਬੇਦੀ ਵੱਲੋਂ ਪਿੰਡਾਂ ਵਿਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਉੱਥੇ ਵੋਟਰਾਂ ਦੀ ਨਬਜ਼ ਟਟੋਲੀ ਜਾ ਰਹੀ ਹੈ। ਬਾਕਸ ‘ਵਾਰਿਸ ਪੰਜਾਬ ਦੇ’ ਦੀ ਐਂਟਰੀ ਅਤੇ ਨਵੇਂ ਸਿਆਸੀ ਸਮੀਕਰਨ ਰਵਾਇਤੀ ਪਾਰਟੀਆਂ ਤੋਂ ਇਲਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੰਗਠਨ ਨੇ ਵੀ ਮੁਹਾਲੀ ’ਚ ਪੁਆਧ ਖੇਤਰ ਦਾ ਆਪਣਾ ਨਵਾਂ ਦਫ਼ਤਰ ਖੋਲ੍ਹ ਕੇ ਸਿਆਸੀ ਗਲਿਆਰਿਆਂ ’ਚ ਹਲਚਲ ਵਧਾ ਦਿੱਤੀ ਹੈ। ਬੀਤੇ ਦਿਨੀਂ ਪੰਜਾਬ ਬੰਦ ਦੌਰਾਨ ਇਸ ਸੰਗਠਨ ਦੇ ਕਾਰਕੁਨ ਕਾਫ਼ੀ ਸਰਗਰਮ ਦੇਖੇ ਗਏ। ਹੁਣ ਸੰਗਠਨ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਆਗਾਮੀ ਚੋਣਾਂ ਸਬੰਧੀ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰਨ ਬਾਰੇ ਗੰਭੀਰ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਇਲਾਕੇ ਦੇ ਸਿਆਸੀ ਸੂਝਬੂਝ ਰੱਖਣ ਵਾਲੇ ਮੋਹਤਬਰਾਂ ਨਾਲ ਤਾਲਮੇਲ ਕਰਕੇ ਯੋਗ ਅਤੇ ਮਜ਼ਬੂਤ ਉਮੀਦਵਾਰਾਂ ਬਾਰੇ ਰਾਇ ਲਈ ਜਾ ਰਹੀ ਹੈ। ਜਦੋਂਕਿ ਅਕਾਲੀ ਦਲ (ਪੁਨਰ ਸੁਰਜੀਤ) ਦੀਆਂ ਸਰਗਰਮੀਆਂ ਬਹੁਤੀਆਂ ਨਜ਼ਰ ਨਹੀਂ ਆ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਮੁਹਾਲੀ ਦਾ ਇਹ ਸਿਆਸੀ ਘਮਾਸਾਨ ਹੋਰ ਵੀ ਰੋਮਾਂਚਕ ਹੋਣ ਦੇ ਆਸਾਰ ਹਨ, ਕਿਉਂਕਿ ਸਾਰੀਆਂ ਪਾਰਟੀਆਂ ਆਪਣੀ ਤਾਕਤ ਨੂੰ ਅਜ਼ਮਾਉਣ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀਆਂ ਹਨ।