ਦਿਮਾਗ ਦੀ ਨਸ ਫਟਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ
ਦਿਮਾਗ ਦੀ ਨਸ ਫਟਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ, 25 ਸਾਲਾ ਤੋਂ ਕਰ ਰਿਹਾ ਸੀ ਮਜ਼ਦੂਰੀ
Publish Date: Tue, 31 Mar 2026 07:09 PM (IST)
Updated Date: Wed, 01 Apr 2026 04:13 AM (IST)

, 25 ਸਾਲਾ ਤੋਂ ਕਰ ਰਿਹਾ ਸੀ ਮਜ਼ਦੂਰੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਨੇੜਲੇ ਪਿੰਡ ਦਫਰਪੁਰ ਵਿਖੇ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਇਕ ਕਿਸਾਨ ਕੋਲ ਮਜ਼ਦੂਰੀ ਕਰਨ ਵਾਲੇ ਪਰਵਾਸੀ ਵਿਅਕਤੀ ਦੀ ਦਿਮਾਗ ਦੀ ਨਸ ਫਟਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਪਰਿਵਾਰ ਪਿਛਲੇ 20-25 ਸਾਲਾਂ ਤੋਂ ਪਿੰਡ ਦਫਰਪੁਰ ਦੇ ਇਕ ਕਿਸਾਨ ਦੇ ਖੇਤਾਂ ਅਤੇ ਘਰ ਵਿਚ ਮਿਹਨਤ-ਮਜ਼ਦੂਰੀ ਕਰ ਰਿਹਾ ਸੀ ਅਤੇ ਪਰਿਵਾਰਕ ਮੈਂਬਰ ਵਾਂਗ ਹੀ ਰਹਿ ਰਿਹਾ ਸੀ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਲਖਵਿੰਦਰ ਸਿੰਘ ਅਨੁਸਾਰ ਸੂਰਜ ਪੁੱਤਰ ਵੇਦ ਰਾਮ ਵਾਸੀ ਜ਼ਿਲ੍ਹਾ ਬੰਦਾਯੂ ਯੂਪੀ ਮੰਗਲਵਾਰ ਸਵੇਰੇ ਟਰੈਕਟਰ ਲੈ ਕੇ ਖੇਤਾਂ ਵਿਚ ਚਲਾ ਗਿਆ ਅਤੇ ਕਰੀਬ ਸਵੇਰੇ 08:00 ਵਜੇ ਪਰਵਾਸੀ ਮਜ਼ਦੂਰ ਦੀ ਸਿਹਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਮੌਤ ਦਾ ਕਾਰਨ ਦਿਮਾਗ ਦੀ ਨਸ ਫਟਣਾ ਦੱਸਿਆ ਜਾ ਰਿਹਾ ਹੈ। ਲੰਮੇ ਸਮੇਂ ਤੋਂ ਇਲਾਕੇ ਵਿਚ ਰਹਿਣ ਕਾਰਨ ਪਿੰਡ ਵਾਸੀਆਂ ਅਤੇ ਕਿਸਾਨ ਪਰਿਵਾਰ ਵਿਚ ਇਸ ਘਟਨਾ ਕਾਰਨ ਸੋਗ ਦੀ ਲਹਿਰ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਕਿਸਾਨ ਪਰਿਵਾਰ ਜਿਸ ਕੋਲ ਉਹ ਕੰਮ ਕਰਦਾ ਸੀ, ਨੇ ਦੱਸਿਆ ਕਿ ਉਹ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਸੀ। ਇੰਨੇ ਸਾਲਾਂ ਦੇ ਸਾਥ ਕਾਰਨ ਉਹ ਪਿੰਡ ਦੇ ਹਰ ਜੀਅ ਨਾਲ ਘੁਲਿਆ-ਮਿਲਿਆ ਹੋਇਆ ਸੀ। ਉਸ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।