ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀਆਂ ਬਾਰੇ ਮੀਟਿੰਗ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੋਟਰ ਸੂਚੀਆਂ ਬਾਰੇ ਮੀਟਿੰਗ,
Publish Date: Thu, 12 Nov 2026 07:36 PM (IST)
Updated Date: Thu, 12 Nov 2026 07:39 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਦਿੱਤਿਆ ਡਚਲਵਾਲ ਵੱਲੋਂ ਅੱਜ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮੁੱਢਲੀ ਵੋਟਰ ਸੂਚੀ ਅੱਜ 12 ਨਵੰਬਰ 2026 ਨੂੰ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ 12 ਨਵੰਬਰ ਤੋਂ 11 ਦਸੰਬਰ 2026 ਤੱਕ ਦਰਜ ਕਰਵਾਏ ਜਾ ਸਕਦੇ ਹਨ, ਜਦਕਿ ਅੰਤਿਮ ਵੋਟਰ ਸੂਚੀ 4 ਜਨਵਰੀ 2027 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ’ਚ ਤਿੰਨ ਵਿਧਾਨ ਸਭਾ ਹਲਕੇ 52-ਖਰੜ, 53-ਐੱਸਏਐੱਸ ਨਗਰ ਅਤੇ 112-ਡੇਰਾਬੱਸੀ ਹਨ। ਇਨ੍ਹਾਂ ਹਲਕਿਆਂ ’ਚ ਕੁੱਲ 936 ਪੋਲਿੰਗ ਸਟੇਸ਼ਨ ਹਨ। ਮੁੱਢਲੀ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ’ਚ ਕੁੱਲ 7,47,569 ਵੋਟਰ ਹਨ, ਜਿਨ੍ਹਾਂ ’ਚ 3,78,243 ਪੁਰਸ਼, 3,69,314 ਮਹਿਲਾਵਾਂ ਤੇ 12 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਵੋਟਰ ਵਜੋਂ ਨਾਮ ਦਰਜ ਕਰਵਾਉਣ ਜਾਂ ਵੋਟਰ ਸੂਚੀ ’ਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ ਫਾਰਮ ਨੰ. 6, 6ਏ, 7 ਅਤੇ 8 ਭਰੇ ਜਾ ਸਕਦੇ ਹਨ। ਇਹ ਫਾਰਮ ਵੋਟਰ ਪੋਰਟਲ ਅਤੇ ਈਸੀਆਈ ਨੈੱਟ ਐੱਪ ਰਾਹੀਂ ਆਨਲਾਈਨ ਵੀ ਦਿੱਤੀਆਂ ਜਾ ਸਕਦੀਆਂ ਹਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਨੰ. 1950 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੁੱਢਲੀ ਪ੍ਰਕਾਸ਼ਨਾ ਉਪਰੰਤ ਵਿਧਾਨ ਸਭਾ ਚੋਣ ਹਲਕਾ 52 ਖਰੜ ਦੇ ਕੁੱਲ ਵੋਟਰਾਂ ਦੀ ਗਿਣਤੀ 265702, ਵਿਧਾਨ ਸਭਾ ਚੋਣ ਹਲਕਾ 53 ਐੱਸਏਐੱਸ ਨਗਰ ਦੇ ਕੁੱਲ ਵੋਟਰਾਂ ਦੀ ਗਿਣਤੀ 202010 ਅਤੇ ਵਿਧਾਨ ਸਭਾ ਚੋਣ ਹਲਕਾ 112 ਡੇਰਾਬੱਸੀ ਦੇ ਕੁੱਲ ਵੋਟਰਾਂ ਦੀ ਗਿਣਤੀ 279857 ਹੈ, ਜਿਸ ਉਪਰੰਤ ਜ਼ਿਲ੍ਹਾ ਐੱਸਏਐੱਸ ਨਗਰ ਦੇ ਕੁੱਲ ਵੋਟਰਾਂ ਦੀ ਕੁੱਲ ਗਿਣਤੀ 747569 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੇ ਦੇਖਣ ਲਈ ਇਹ ਵੋਟਰ ਸੂਚੀਆਂ ਸਬੰਧਤ ਬੀਐੱਲਓ ਪਾਸ, ਦਫ਼ਤਰ ਚੋਣਕਾਰ ਰਜਿਸਟਰੇਸ਼ਨ ਅਫ਼ਸਰ 52-ਖਰੜ, 52-ਐੱਸਏਐੱਸ ਨਗਰ ਅਤੇ 112 ਡੇਰਾਬੱਸੀ ਅਤੇ ਜ਼ਿਲ੍ਹਾ ਚੋਣ ਦਫ਼ਤਰ, ਐੱਸਏਐੱਸ ਨਗਰ ’ਚ ਵੋਟਰਾਂ ਦੇ ਦੇਖਣ ਲਈ ਉਪਲਬਧ ਰਹਿਣਗੀਆਂ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਬਹਾਦਰ ਸਿੰਘ ਚਹਿਲ, ਰਘਬੀਰ ਸਿੰਘ, ਜਸਵੰਤ ਸਿੰਘ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਬਲਜਿੰਦਰ ਸਿੰਘ, ਨਵਤੇਜ਼ (ਕਾਂਗਰਸ), ਪ੍ਰਦੀਪ ਸਿੰਘ (ਕਾਂਗਰਸ), ਮਹਿੰਦਰ ਪਾਲ ਸਿੰਘ (ਸੀਪੀਆਈ), ਭਰਪੂਰ ਭਾਰਤੀ (ਅਕਾਲੀ ਦਲ), ਅਨਿਲ ਕੁਮਾਰ (ਬੀਜੇਪੀ), ਸ਼੍ਰੀਮਤੀ ਹਰਪ੍ਰੀਤ ਕੌਰ, ਚੋਣ ਤਹਿਸੀਲਦਾਰ, ਸੁਰਿੰਦਰ ਕੁਮਾਰ ਅਤੇ ਹੋਰ ਸਟਾਫ਼ ਮੌਜੂਦ ਸਨ।