ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ,
Publish Date: Sat, 10 Oct 2026 08:22 PM (IST)
Updated Date: Sat, 10 Oct 2026 08:23 PM (IST)
-ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਖਾਦ ਦੀ ਘਾਟ ’ਤੇ ਜਤਾਈ ਗੰਭੀਰ ਚਿੰਤਾ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਪੰਜਾਬ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਦੇ ਬਾਹਰ ਚੱਲ ਰਹੇ ਧਰਨੇ ਵਾਲੀ ਥਾਂ ਤੇ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਪਿਛਲੇ ਪੰਜ ਮਹੀਨਿਆਂ ਤੋਂ ਪੰਜਾਬ ਭਰ ਵਿਚ ਪੀਏਡੀਬੀ ਬੈਂਕਾਂ ਮੂਹਰੇ ਚੱਲ ਰਹੇ ਧਰਨਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਓਟੀਐੱਸ ਸਕੀਮ ਤਹਿਤ ਖਾਲੀ ਦਸਤਖ਼ਤ ਕਰਵਾ ਕੇ ਲਈਆਂ ਗਈਆਂ ਲੋਨ ਫਾਈਲਾਂ ਅਤੇ ਖਾਲੀ ਚੈੱਕ ਵਾਪਸ ਕਰਨ ਸਬੰਧੀ ਸਰਕਾਰ ਡੰਗ-ਟਪਾਊ ਅਤੇ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਦੀ ਕੜੀ ਨਿੰਦਾ ਕੀਤੀ ਗਈ। ਮੀਟਿੰਗ ਵਿਚ ਸ਼ੰਭੂ ਅਤੇ ਖਨੌਰੀ ਮੋਰਚੇ ਦੌਰਾਨ ਪ੍ਰਸ਼ਾਸਨ ਦੀ ਸ਼ਹਿ ਤੇ ਕਿਸਾਨਾਂ ਦਾ ਧੱਕੇ ਨਾਲ ਲੁੱਟਿਆ ਗਿਆ ਸਾਮਾਨ ਵਾਪਸ ਦਿਵਾਉਣ ਅਤੇ ਉਸ ਦੀ ਭਰਪਾਈ ਲਈ 12 ਅਕਤੂਬਰ ਨੂੰ ਫਰੀਦਕੋਟ ਵਿਖੇ ਰੱਖੀ ਗਈ ਵਿਸ਼ੇਸ਼ ਮੀਟਿੰਗ ਵਿਚ ਵੱਡੀ ਗਿਣਤੀ ਚ ਸ਼ਾਮਲ ਹੋਣ ਲਈ ਵਿਉਂਤਬੰਦੀ ਕੀਤੀ ਗਈ। ਇਸ ਤੋਂ ਇਲਾਵਾ, ਭਾਰਤ ਸਰਕਾਰ ਵੱਲੋਂ ਕਣਕ ਦੀ ਐੱਮਐੱਸਪੀ ਚ ਮਹਿਜ਼ 25 ਰੁਪਏ ਪ੍ਰਤੀ ਕੁਇੰਟਲ ਕੀਤੇ ਵਾਧੇ ਨੂੰ ਕਿਸਾਨਾਂ ਨਾਲ ਕੀਤਾ ਗਿਆ ਇਕ ਕੋਝਾ ਮਜ਼ਾਕ ਕਰਾਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਡੀਏਪੀ ਖਾਦ ਦੀ ਭਾਰੀ ਕਮੀ ਇਹ ਸਿੱਧ ਕਰਦੀ ਹੈ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ। ਖਾਦ ਨਾ ਮਿਲਣ ਕਾਰਨ ਮੁਹਾਲੀ ਜ਼ਿਲ੍ਹੇ ਦੇ ਵੱਡੇ ਖੇਤਰ ਵਿੱਚ ਆਲੂ ਦੀ ਬਿਜਾਈ ਪਛੜ ਰਹੀ ਹੈ, ਜਿਸ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿਚ ਕਣਕ ਦੀ ਬਿਜਾਈ ਤੇ ਵੀ ਪਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਡੀਏਪੀ ਖਾਦ ਦੀ ਬਾਜ਼ਾਰ ਅਤੇ ਸਹਿਕਾਰੀ ਸਭਾਵਾਂ (ਸੁਸਾਇਟੀਆਂ) ਵਿਚ ਤੁਰੰਤ ਪੂਰਤੀ ਕੀਤੀ ਜਾਵੇ। ਇਸ ਮੌਕੇ ਮਨਜੀਤ ਸਿੰਘ ਦੱਪਰ, ਤਰਲੋਚਨ ਸਿੰਘ ਨਡਾਲੀ, ਪ੍ਰੇਮ ਸਿੰਘ ਰਾਣਾ ਲਾਲੜੂ, ਬਲਬੀਰ ਸਿੰਘ ਈਸਾਪੁਰ, ਹਰੀ ਸਿੰਘ ਦੱਪਰ, ਪਰਮਜੀਤ ਸਿੰਘ ਬਸੋਲੀ, ਤਜਿੰਦਰ ਸਿੰਘ ਭਾਂਖਰਪੁਰ, ਸੁਖਵਿੰਦਰ ਸਿੰਘ ਗਾਜੀਪੁਰ, ਜੱਸੀ ਗਿੱਲ ਘੜੂੰਆਂ, ਕੁਲਵਿੰਦਰ ਸਿੰਘ ਆਗਾਪੁਰ, ਬਲਦੇਵ ਸਿੰਘ ਮੀਆਂਪੁਰ ਅਤੇ ਰਾਜਾ ਨੰਗਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।