- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਆਈਬੀ ਵੱਲੋਂ ਮੀਡੀਆ ਵਰਕਸ਼ਾਪ ‘ਵਾਰਤਾ’ ਦਾ ਆਯੋਜਨ;

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਪੰਚਕੂਲਾ : ਪੱਤਰ ਸੂਚਨਾ ਬਿਊਰੋ (ਪੀਆਈਬੀ) ਚੰਡੀਗੜ੍ਹ ਵੱਲੋਂ ਪੰਚਕੂਲਾ ਵਿਖੇ ਇਕ ਮੀਡੀਆ ਵਰਕਸ਼ਾਪ ‘ਵਾਰਤਾ’ ਕਰਵਾਈ ਗਈ। ਇਸ ਦਾ ਮੁੱਖ ਉਦੇਸ਼ ਸਰਕਾਰ ਅਤੇ ਮੀਡੀਆ ਵਿਚਕਾਰ ਸੁਚੱਜੇ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ ਜਨ-ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਫ਼ੈਲਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗ੍ਹਾ ਕੇ ਕੀਤੀ ਗਈ, ਜਿਸ ਤੋਂ ਬਾਅਦ ਪੀਆਈਬੀ ਚੰਡੀਗੜ੍ਹ ਦੀ ਉਪ ਨਿਰਦੇਸ਼ਕ ਸੁਸ਼੍ਰੀ ਸਪਨਾ ਨੇ ਸਮਾਗਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐੱਸਡੀਐੱਮ ਪੰਚਕੂਲਾ, ਮੰਨਤ ਰਾਣਾ ਨੇ ਕਿਹਾ ਕਿ ਸਰਕਾਰੀ ਨੀਤੀਆਂ ਨੂੰ ਆਮ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਲਈ ਮੀਡੀਆ ਅਤੇ ਪ੍ਰਸ਼ਾਸਨ ਦਾ ਮਜ਼ਬੂਤ ਸੰਚਾਰ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੋਈ ਵੀ ਸਰਕਾਰੀ ਅਭਿਆਨ ਉਦੋਂ ਹੀ ਸਫ਼ਲ ਹੁੰਦਾ ਹੈ, ਜਦੋਂ ਉਹ ਜਨ-ਅੰਦੋਲਨ ਦਾ ਰੂਪ ਧਾਰਨ ਕਰ ਲਵੇ।
- ਤਿੰਨ ਮੁੱਖ ਵਿਸ਼ਿਆਂ ’ਤੇ ਤਕਨੀਕੀ ਸੈਸ਼ਨ ਕਰਵਾਇਆ
ਨਸ਼ਾ ਮੁਕਤ ਭਾਰਤ : ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡੀਐੱਸਪੀ ਹਰਵਿੰਦਰ ਸਿੰਘ ਨੇ ਨਸ਼ਾ ਤਸਕਰੀ ਖ਼ਿਲਾਫ਼ ਕੀਤੀਆਂ ਕਾਰਵਾਈਆਂ ਅਤੇ ਇਸ ਬੁਰਾਈ ਨੂੰ ਠੱਲ੍ਹ ਪਾਉਣ ਲਈ ਸਮਾਜਿਕ ਭਾਗੀਦਾਰੀ ਦੀ ਲੋੜ 'ਤੇ ਧਿਆਨ ਕੇਂਦਰਿਤ ਕੀਤਾ।
ਠੋਸ ਕੂੜਾ ਪ੍ਰਬੰਧਨ : ਨਗਰ ਨਿਗਮ ਪੰਚਕੂਲਾ ਦੇ ਮਾਹਰ ਪ੍ਰਦੀਪ ਕੁਮਾਰ ਨੇ ਕੂੜੇ ਨੂੰ ਚਾਰ ਸ਼੍ਰੇਣੀਆਂ ਸੁੱਕਾ, ਗਿੱਲਾ, ਸੈਨੇਟਰੀ ਅਤੇ ਬਾਇਓਮੈਡੀਕਲ ਵਿਚ ਵੰਡਣ ਦੀ ਅਪੀਲ ਕੀਤੀ। ਉਨ੍ਹਾਂ ਪ੍ਰਬੰਧਨ ਲਈ ਇਕ ਨਵਾਂ ਫਾਰਮੂਲਾ ਵੀ ਸਾਂਝਾ ਕੀਤਾ।
ਪੋਸ਼ਣ ਮੁਹਿੰਮ : ਜ਼ਿਲ੍ਹਾ ਪ੍ਰੋਜੈਕਟ ਅਫ਼ਸਰ ਸਵਿਤਾ ਨੇਹਰਾ ਨੇ ਔਰਤਾਂ ਅਤੇ ਬੱਚਿਆਂ ਦੀ ਸਿਹਤ ਨੂੰ ਸੁਧਾਰਨ ਲਈ ਪੋਸ਼ਣ ਅਭਿਆਨ ਦੀ ਅਹਿਮੀਅਤ ਦੱਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਸੈਸ਼ਨਾਂ ਦੇ ਅਖੀਰ ਵਿਚ ਮੀਡੀਆ ਕਰਮੀਆਂ ਅਤੇ ਮਾਹਰਾਂ ਵਿਚਕਾਰ ਪ੍ਰਸ਼ਨ-ਉੱਤਰ ਦਾ ਸਿਲਸਿਲਾ ਚੱਲਿਆ। ਸਮਾਗਮ ਦੇ ਅਖੀਰ ’ਚ ਪੀਆਈਬੀ ਦੇ ਰਾਜਨ ਨਾਥ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡੀਪੀਆਰਓ ਵਿਨੇ ਵਤਸ ਵੀ ਮੌਜੂਦ ਸਨ।