ਕੌਂਸਲਰ ਅਮਰਜੀਤ ਸਿੰਘ ਨੇ ਪਾਰਕਿੰਗ ਸਮੱਸਿਆ ਦਾ ਮੁੱਦਾ ਚੁੱਕਿਆ, ਗਮਾਡਾ ਨਾਲ ਕੀਤੀ ਮੁਲਾਕਾਤ ਕੌਂਸਲਰ ਅਮਰਜੀਤ ਸਿੰਘ ਨੇ ਪਾਰਕਿੰਗ ਸਮੱਸਿਆ ਦਾ ਮੁੱਦਾ ਚੁੱਕਿਆ
Publish Date: Sat, 19 Sep 2026 05:53 PM (IST)
Updated Date: Sun, 20 Sep 2026 04:05 AM (IST)
ਕੈਪਸ਼ਨ: ਗਮਾਡਾ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਕੌਂਸਲਰ ਅਮਰਜੀਤ ਸਿੰਘ। 1ਪੀ * ਮੁੱਖ ਇੰਜੀਨੀਅਰ ਵੱਲੋਂ ਮਹੀਨੇ ਦੇ ਅੰਤ ਤੱਕ ਕੰਮ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਫੇਜ਼-10 ਦੀਆਂ ਲਾਈਟਾਂ ਤੋਂ ਲੈ ਕੇ ਲਕਸ਼ਮੀ ਨਰਾਇਣ ਮੰਦਰ ਤੱਕ ਸੜਕ ਨੂੰ ਚੌੜਾ ਕਰਨ ਲਈ ਪੁੱਟੀ ਗਈ ਜ਼ਮੀਨ ਕਾਰਨ ਸੈਕਟਰ-65 ਦੇ ਸ਼ੋਅਰੂਮਾਂ ਦੀ ਪਾਰਕਿੰਗ ਪਿਛਲੇ ਕਈ ਮਹੀਨਿਆਂ ਤੋਂ ਅਧੂਰੀ ਪਈ ਹੈ। ‘ਆਪ’ ਕੌਂਸਲਰ ਅਮਰਜੀਤ ਸਿੰਘ ਨੇ ਦੱਸਿਆ ਕਿ ਬਰਸਾਤੀ ਪਾਣੀ ਦੇ ਨਿਕਾਸ ਲਈ ਅੰਡਰ-ਗਰਾਊਂਡ ਪਾਈਪਲਾਈਨ ਪਾਉਣ ਤੇ ਸੜਕ ਨੂੰ ਚੌੜਾ ਕਰਨ ਦਾ ਕੰਮ ਲਗਭਗ ਖ਼ਤਮ ਹੋ ਚੁੱਕਾ ਹੈ, ਪਰ ਗਮਾਡਾ ਵੱਲੋਂ ਸੜਕ ਨਾਲ ਲੱਗਦੀ ਪਾਰਕਿੰਗ ਵੱਲ ਪਿਛਲੇ 6 ਮਹੀਨਿਆਂ ਤੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਆਮ ਸ਼ਹਿਰੀਆਂ ਤੇ ਦੁਕਾਨਦਾਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੇਜ਼-10 ਤੇ 11 ਦੀਆਂ ਲਾਈਟਾਂ ਤੋਂ ਲੈ ਕੇ ਲਕਸ਼ਮੀ ਨਰਾਇਣ ਮੰਦਰ ਕੋਲ ਪਾਰਕਿੰਗ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਬਰਸਾਤ ਦੇ ਦਿਨਾਂ ’ਚ ਇਹ ਜਗ੍ਹਾ ਛੱਪੜ ਦਾ ਰੂਪ ਧਾਰ ਲੈਂਦੀ ਹੈ, ਜਿਸ ਕਾਰਨ ਮਾਰਕੀਟ ’ਚ ਆਉਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਪਿਛਲੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਨਾਲ ਸੁਚੱਜੀ ਪਾਰਕਿੰਗ ਨਾ ਹੋਣ ਕਾਰਨ ਲੋਕ ਆਪਣੀਆਂ ਗੱਡੀਆਂ ਸੜਕ ’ਤੇ ਹੀ ਖੜ੍ਹੀਆਂ ਕਰਨ ਲਈ ਮਜਬੂਰ ਹਨ, ਜਿਸ ਨਾਲ ਹਰ ਵਕਤ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੌਂਸਲਰ ਅਮਰਜੀਤ ਸਿੰਘ ਨੇ ਗਮਾਡਾ ਦੇ ਮੁੱਖ ਇੰਜੀਨੀਅਰ ਅਜੈ ਗਰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਨਾਲ-ਨਾਲ ਪਾਰਕਿੰਗ ਦਾ ਛੇਤੀ ਨਿਰਮਾਣ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਵਾਹਨ ਖੜ੍ਹੇ ਕਰਨ ਤੇ ਆਵਾਜਾਈ ’ਚ ਕੋਈ ਪਰੇਸ਼ਾਨੀ ਨਾ ਆਵੇ। ਇਸ ਤੋਂ ਇਲਾਵਾ ਉਨ੍ਹਾਂ ਸੜਕ ਅਤੇ ਸ਼ੋਅਰੂਮਾਂ ਦੇ ਸਾਹਮਣੇ ਵਾਲੀ ਪਾਰਕਿੰਗ ’ਚ ਪ੍ਰੀਮਿਕਸ ਪਾ ਕੇ ਇਸ ਕੰਮ ਨੂੰ ਤੁਰੰਤ ਮੁਕੰਮਲ ਕਰਨ ਦੀ ਅਪੀਲ ਕੀਤੀ। ਮੁੱਖ ਇੰਜੀਨੀਅਰ ਅਜੈ ਗਰਗ ਨੇ ਕੌਂਸਲਰ ਅਮਰਜੀਤ ਸਿੰਘ ਨੂੰ ਭਰੋਸਾ ਦਿੱਤਾ ਕਿ ਸੜਕ ਅਤੇ ਪਾਰਕਿੰਗ ਦਾ ਨਿਰਮਾਣ ਕੰਮ ਇਸੇ ਮਹੀਨੇ ਦੇ ਅੰਤ ਤੱਕ ਹਰ ਹਾਲ ’ਚ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਤਰੁਣਜੀਤ ਸਿੰਘ, ਸੂਬਾ ਸੰਯੁਕਤ ਸਕੱਤਰ ਸਵਰਨ ਲਤਾ, ਸਾਬਕਾ ਕੌਂਸਲਰ ਜਸਬੀਰ ਸਿੰਘ ਮਣਕੂ, ਅਮਿਤ ਕੁਮਾਰ, ਪਵਨ ਕੁਮਾਰ, ਮਾਰਕੀਟ ਦੇ ਜਨਰਲ ਸਕੱਤਰ ਅਨਿਲ ਗਰਗ ਤੇ ਭੁਪਿੰਦਰ ਸਿੰਘ ਮੌਜੂਦ ਸਨ।