ਬਿਜਲੀ ਕਾਮਿਆਂ ਨੇ ਡਵੀਜ਼ਨ ਮੂਹਰੇ ਦਿੱਤਾ ਵਿਸ਼ਾਲ ਧਰਨਾ ਬਿਜਲੀ ਕਾਮਿਆਂ ਵੱਲੋਂ ਡਿਵੀਜ਼ਨ ਮੂਹਰੇ ਵਿਸ਼ਾਲ ਧਰਨਾ
Publish Date: Wed, 21 Oct 2026 09:01 PM (IST)
Updated Date: Wed, 21 Oct 2026 09:03 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਮੁਲਾਜ਼ਮ ਏਕਤਾ ਮੰਚ ਅਤੇ ਜੁਆਇੰਟ ਫੋਰਮ ਵੱਲੋਂ ਸਕੱਤਰੇਤ ਪੰਜਾਬ ਮੁਲਾਜ਼ਮਾਂ ਦੇ ਸੰਘਰਸ਼ ਦੌਰਾਨ ਉਨ੍ਹਾਂ ਦੀ ਹਮਾਇਤ ਵਿਚ ਲਾਲੜੂ ਡਵੀਜ਼ਨ ਅੱਗੇ ਵਿਸ਼ਾਲ ਸਾਂਝਾ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਏਟਕ ਪ੍ਰਧਾਨ ਮੋਹਨ ਸਿੰਘ ਰਾਣਾ, ਟੀਐੱਸਯੂ ਸਰਕਲ ਪ੍ਰਧਾਨ ਰਾਜੇਸ਼ ਰਾਣਾ, ਐੱਮਐੱਸਯੂ ਤੇ ਡਿਵੀਜ਼ਨ ਲਾਲੜੂ ਪ੍ਰਧਾਨ ਸੰਦੀਪ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਧਰਨੇ ਵਿਚ ਸਮੂਹ ਜਥੇਬੰਦੀਆਂ ਦੇ ਮੈਂਬਰਾਂ ਅਤੇ ਮੁਲਾਜ਼ਮਾਂ ਵੱਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਮਹਿੰਦਰ ਸਿੰਘ ਸੈਣੀ, ਬਲਬੀਰ ਸਿੰਘ (ਆਰਏ), ਸੁਰਿੰਦਰ ਕੁਮਾਰ (ਏਏਈ), ਨਰੇਸ਼ ਕੁਮਾਰ, ਪਰਵੀਨ ਕੁਮਾਰ, ਲਵਦੀਪ ਮੇਨਨ, ਸੁਖਵਿੰਦਰ ਸਿੰਘ, ਪਰਵੀਨ ਕੁਮਾਰ ਤੇ ਪਵਨ ਕੁਮਾਰ ਵੱਲੋਂ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਮੈਨੇਜਮੈਂਟ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪੂਰਨ ਵਿਰੋਧ ਕੀਤਾ। ਬੁਲਾਰਿਆਂ ਨੇ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਡੀਏ ਦੀਆਂ ਪੈਂਡਿੰਗ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨਾ, 17 ਜੁਲਾਈ 2020 ਦਾ ਮੁਲਾਜ਼ਮ ਮਾਰੂ ਨੋਟੀਫਿਕੇਸ਼ਨ ਰੱਦ ਕਰਨਾ, ਪੈਨਸ਼ਨਰਾਂ ਨੂੰ ਸੋਧੀ ਹੋਈ ਪੈਨਸ਼ਨ 2.45 ਦੀ ਬਜਾਏ 2.59 ਗੁਣਾਂਕ ਨਾਲ ਦੇਣ, ਕੱਚੇ ਮੁਲਾਜ਼ਮ ਪੱਕੇ ਕਰਨ, ਜਥੇਬੰਦੀਆਂ ਨਾਲ ਬੈਠਕਾਂ ਦੌਰਾਨ ਕੀਤੇ ਗਏ ਸਮਝੌਤੇ ਤੁਰੰਤ ਲਾਗੂ ਕੀਤੇ ਜਾਣ ਅਤੇ ਇਸ ਸਬੰਧੀ ਬਿਨਾਂ ਸਮਾਂ ਗਵਾਏ ਨੋਟੀਫਿਕੇਸ਼ਨ/ਸਰਕੂਲਰ ਜਾਰੀ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ 2 ਦਿਨਾਂ ਦੀ ਮਾਸ ਕੈਜ਼ੂਅਲ ਲੀਵ ਤਾਂ ਸਿਰਫ਼ ਇਕ ਝਾਕੀ ਹੈ; ਜੇਕਰ ਮੈਨੇਜਮੈਂਟ ਨੇ ਅੜੀਅਲ ਰਵੱਈਆ ਛੱਡ ਕੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਜੇਕਰ ਇਸ ਕਾਰਨ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।