ਕੌਂਸਲ ਦਫ਼ਤਰ ਨੇੜੇ ਖੜ੍ਹੀ ਗੱਡੀ ਨੂੰ ਲੱਗੀ ਭਿਆਨਕ ਅੱਗ ਕੌਂਸਲ ਦਫ਼ਤਰ ਨੇੜੇ ਖੜ੍ਹੀ ਗੱਡੀ ਨੂੰ ਲੱਗੀ ਭਿਆਨਕ ਅੱਗ,
Publish Date: Tue, 15 Sep 2026 07:44 PM (IST)
Updated Date: Tue, 15 Sep 2026 07:47 PM (IST)
-ਪੁਲਿਸ ਕਰਮੀਆਂ ਨੇ ਬਾਟਲੀਆਂ ਨਾਲ ਪਾਣੀ ਪਾ ਕੇ ਅੱਗ ਤੇ ਪਾਇਆ ਕਾਬੂ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਮੰਗਲਵਾਰ ਨੂੰ ਉਸ ਸਮੇਂ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ, ਜਦੋਂ ਨਗਰ ਕੌਂਸਲ ਦਫ਼ਤਰ ਨੇੜੇ ਸੜਕ ਕਿਨਾਰੇ ਖੜ੍ਹੇ ਕੇਸ ਪ੍ਰਾਪਰਟੀ ਦੇ ਇਕ ਵਾਹਨ ’ਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੂੰ ਰਵਾਨਾ ਕੀਤਾ ਗਿਆ, ਪਰ ਰਸਤੇ ਵਿਚ ਲੱਗੇ ਭਾਰੀ ਜਾਮ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਕਰੀਬ 15 ਮਿੰਟ ਤੱਕ ਫਸੀ ਰਹੀ। ਵਾਹਨ ਚੋਂ ਪਹਿਲਾਂ ਧੂੰਆਂ ਉੱਠਦਾ ਦਿਖਾਈ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ। ਮੌਕੇ ’ਤੇ ਆਸ-ਪਾਸ ਹੋਰ ਵਾਹਨ ਅਤੇ ਸੰਪਤੀ ਮੌਜੂਦ ਹੋਣ ਕਾਰਨ ਅੱਗ ਦੇ ਫ਼ੈਲਣ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਸੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ੀਰਕਪੁਰ ਥਾਣੇ ਚ ਤਾਇਨਾਤ ਮੁਨਸ਼ੀ ਗੁਰਵਿੰਦਰ ਸਿੰਘ ਅਤੇ ਦਲੇਰ ਰਾਣਾ ਨੇ ਫਾਇਰ ਬ੍ਰਿਗੇਡ ਦਾ ਇੰਤਜ਼ਾਰ ਕਰਨ ਦੀ ਬਜਾਏ ਖ਼ੁਦ ਮੋਰਚਾ ਸੰਭਾਲ ਲਿਆ। ਦੋਵਾਂ ਪੁਲਿਸ ਕਰਮਚਾਰੀਆਂ ਨੇ ਨੇੜੇ ਲੱਗੇ ਨਲਕੇ ਤੋਂ ਬਾਟਲੀਆਂ ਵਿਚ ਪਾਣੀ ਭਰ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਵਾਲਿਆਂ ਦੀ ਇਸ ਤਤਪਰਤਾ ਨੂੰ ਦੇਖ ਕੇ ਮੌਕੇ ਤੇ ਮੌਜੂਦ ਸਥਾਨਕ ਲੋਕ ਵੀ ਮਦਦ ਲਈ ਅੱਗੇ ਆਏ। ਲਗਾਤਾਰ ਯਤਨਾਂ ਦੇ ਚੱਲਦਿਆਂ ਅੱਗ ਨੂੰ ਆਸ-ਪਾਸ ਫ਼ੈਲਣ ਤੋਂ ਰੋਕ ਲਿਆ ਗਿਆ ਅਤੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਲਈ ਰਾਹ ਨਹੀਂ, ਤਾਂ ਵੱਡੀ ਆਫ਼ਤ ਚ ਕੀ ਹੋਵੇਗਾ? ਇਸ ਘਟਨਾ ਨੇ ਜ਼ੀਰਕਪੁਰ ਦੀ ਟ੍ਰੈਫਿਕ ਵਿਵਸਥਾ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਐਂਮਰਜੈਂਸੀ ਸਥਿਤੀ ਵਿਚ ਫਾਇਰ ਬ੍ਰਿਗੇਡ ਦਾ 15 ਮਿੰਟ ਜਾਮ ਚ ਫਸੇ ਰਹਿਣਾ ਚਿੰਤਾ ਦਾ ਸਵਾਲ ਹੈ। ਜੇਕਰ ਅੱਗ ਵਿਕਰਾਲ ਰੂਪ ਧਾਰਨ ਕਰ ਲੈਂਦੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਸਨ। ਸਵਾਲ ਇਹ ਉੱਠਦਾ ਹੈ ਕਿ ਜੇਕਰ ਐਮਰਜੈਂਸੀ ਵਾਹਨ ਹੀ ਜਾਮ ਚ ਫਸਣਗੇ ਤਾਂ ਸ਼ਹਿਰ ਚ ਕਿਸੇ ਵੱਡੀ ਆਫ਼ਤ ਵੇਲੇ ਰਾਹਤ ਕਾਰਜ ਸਮੇਂ ਸਿਰ ਕਿਵੇਂ ਪਹੁੰਚਣਗੇ?