ਬੁਆਇਲਰ ਫਟਣ ਕਾਰਨ ਲੱਗੀ ਭਿਆਨਕ ਅੱਗ, ਵੱਡਾ ਜਾਨੀ ਨੁਕਸਾਨ ਹੋਣੋਂ ਬਚਿਆ ਮੁਬਾਰਕਪੁਰ ਵਿਖੇ ਸਥਿਤ ਐੱਨਐੱਚ ਲੁੱਕ ਪਲਾਂਟ ’ਚ ਬੂਆਇਲਰ ਫਟਣ ਕਾਰਨ ਅਚਾਨਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਪਲਾਂਟ ’ਚ ਲਗਭਗ 40 ਮਜ਼ਦੂਰ ਕੰਮ ਕਰ ਰਹੇ ਸਨ, ਪਰ ਸੁਚੇਤਨਾ ਤੇ ਤੁਰੰਤ ਬਚਾਅ ਕਾਰਜਾਂ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਤੇ ਸਾਰੇ ਮਜ਼ਦੂਰ ਵਾਲ-ਵਾਲ ਬਚ ਗਏ।
Publish Date: Sun, 23 Aug 2026 11:43 AM (IST)
Updated Date: Sun, 23 Aug 2026 12:43 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਵਿਖੇ ਸਥਿਤ ਐੱਨਐੱਚ ਲੁੱਕ ਪਲਾਂਟ ’ਚ ਬੁਆਇਲਰ ਫਟਣ ਕਾਰਨ ਅਚਾਨਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਮੇਂ ਪਲਾਂਟ ’ਚ ਲਗਭਗ 40 ਮਜ਼ਦੂਰ ਕੰਮ ਕਰ ਰਹੇ ਸਨ, ਪਰ ਸੁਚੇਤਨਾ ਤੇ ਤੁਰੰਤ ਬਚਾਅ ਕਾਰਜਾਂ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਤੇ ਸਾਰੇ ਮਜ਼ਦੂਰ ਵਾਲ-ਵਾਲ ਬਚ ਗਏ।
ਮਿਲੀ ਜਾਣਕਾਰੀ ਅਨੁਸਾਰ, ਅੱਜ ਰੋਜ਼ਾਨਾ ਦੀ ਤਰ੍ਹਾਂ ਲੁੱਕ ਪਲਾਂਟ ’ਚ ਕੰਮ ਚੱਲ ਰਿਹਾ ਸੀ ਕਿ ਅਚਾਨਕ ਦੁਪਹਿਰ ਸਮੇਂ ਬੁਆਇਲਰ ’ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੇ ਹਿੱਸੇ ਨੂੰ ਆਪਣੀ ਲਪੇਟ ’ਚ ਲੈ ਲਿਆ। ਧਮਾਕੇ ਦੀ ਆਵਾਜ਼ ਸੁਣਦੇ ਹੀ ਪਲਾਟ ’ਚ ਮੌਜੂਦ ਮਜ਼ਦੂਰਾਂ ’ਚ ਅਫੜਾ-ਤਫੜੀ ਮਚ ਗਈ ਤੇ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ।
ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਗੱਡੀਆਂ ਸਮੇਤ ਮੌਕੇ 'ਤੇ ਪਹੁੰਚੇ ਤੇ ਰਾਹਤ ਕਾਰਜ ਸ਼ੁਰੂ ਕੀਤੇ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਚੰਗੀ ਕਿਸਮਤ ਨਾਲ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਜਿਸ ਨਾਲ ਪ੍ਰਸ਼ਾਸਨ ਤੇ ਪਲਾਂਟ ਪ੍ਰਬੰਧਕਾਂ ਨੇ ਸੁੱਖ ਦਾ ਸਾਹ ਲਿਆ। ਹਾਲਾਂਕਿ, ਅੱਗ ਦੇ ਕਾਰਨ ਪਲਾਂਟ ’ਚ ਪਿਆ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।