ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ, ਪਤੀ ਫ਼ਰਾਰ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ, ਪਤੀ ਫ਼ਰਾਰ
Publish Date: Fri, 25 Sep 2026 07:43 PM (IST)
Updated Date: Fri, 25 Sep 2026 07:45 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਸਥਾਨਕ ਦੱਪਰ ਕਾਲੋਨੀ ਵਿਚ ਇਕ ਬੱਚੀ ਦੀ 25 ਸਾਲਾ ਮਾਂ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਮਹਿਲਾ ਦੇ ਪਤੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ ਪੂਜਾ ਪੁੱਤਰੀ ਰਾਜੇਸ਼ ਕੁਮਾਰ ਵਾਸੀ ਜ਼ਿਲ੍ਹਾ ਮਿਰਜ਼ਾਪੁਰ, ਯੂਪੀ ਵਜੋਂ ਹੋਈ ਹੈ। ਮੌਤ ਤੋਂ ਤਿੰਨ ਦਿਨ ਬਾਅਦ ਪਹੁੰਚੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਕਥਿਤ ਦਾਜ ਦੀ ਮੰਗ ਨੂੰ ਲੈ ਕੇ ਪੂਜਾ ਦੀ ਉਸ ਦੇ ਪਤੀ ਨੇ ਹੱਤਿਆ ਕੀਤੀ ਹੈ ਅਤੇ ਖ਼ੁਦਕੁਸ਼ੀ ਦਾ ਰੂਪ ਦੇਣ ਲਈ ਉਸ ਦੀ ਲਾਸ਼ ਫਾਹੇ ਨਾਲ ਲਟਕਾ ਦਿੱਤੀ। ਹਾਲਾਂਕਿ ਪੁਲਿਸ ਇਨ੍ਹਾਂ ਦੋਸ਼ਾਂ ਦੀ ਵੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪੂਜਾ ਦਾ ਵਿਆਹ ਪੰਜ ਸਾਲ ਪਹਿਲਾਂ ਰਵੀ ਸ਼ੰਕਰ ਵਾਸੀ ਸੁਲਤਾਨਪੁਰ, ਯੂਪੀ ਨਾਲ ਹੋਇਆ ਸੀ। ਪਰਿਵਾਰ ਵਿਚ ਚਾਰ ਸਾਲ ਦੀ ਇਕ ਬੇਟੀ ਵੀ ਹੈ। ਲੈਹਲੀ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਅਨੁਸਾਰ ਰਵੀ ਆਪਣੇ ਪਰਿਵਾਰ ਸਮੇਤ ਦੱਪਰ ਕਾਲੋਨੀ ਵਿਚ ਕਿਰਾਏ ’ਤੇ ਰਹਿੰਦਾ ਸੀ ਅਤੇ ਦੱਪਰ ਸਥਿਤ ਸਟੀਲ ਸਟ੍ਰਿਪ ਫੈਕਟਰੀ ਵਿਚ ਕੰਮ ਕਰਦਾ ਸੀ। 23 ਸਤੰਬਰ ਦੀ ਰਾਤ ਨੂੰ ਪੂਜਾ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲਣ ਦੀ ਪੁਲਿਸ ਨੂੰ ਸੂਚਨਾ ਮਿਲੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ, ਜੋ 25 ਸਤੰਬਰ ਦੀ ਸਵੇਰ ਨੂੰ ਇੱਥੇ ਪਹੁੰਚੇ। ਇਨ੍ਹਾਂ ਵਿਚ ਲੜਕੀ ਦੇ ਚਾਚਾ ਕੈਪਟਨ ਵਿਜੇਸ਼ਵਰ ਪਾਂਡੇ ਨੇ ਦੋਸ਼ ਲਾਇਆ ਕਿ ਪੂਜਾ ਨੂੰ ਉਸ ਦਾ ਪਤੀ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪਰੇਸ਼ਾਨ ਕਰਦਾ ਆ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੂਜਾ ਦੀ ਕੁੱਟਮਾਰ ਕਰਕੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਫਾਹੇ ਨਾਲ ਲਟਕਾ ਕੇ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪਤੀ ਫਿਲਹਾਲ ਫ਼ਰਾਰ ਹੈ। ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ, ਆਈਪੀਸੀ ਦੀ ਧਾਰਾ 306 ਤਹਿਤ ਰਵੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਲਾਸ਼ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ, ਜਿੱਥੇ ਅੱਜ ਪੋਸਟਮਾਰਟਮ ਕੀਤਾ ਜਾਵੇਗਾ।