ਅਨਾਜ ਮੰਡੀ ’ਚ ਮੀਂਹ ਕਾਰਨ ਕਈ ਕਿਸਾਨਾਂ ਦੀ ਫ਼ਸਲ ਹੋਈ ਖ਼ਰਾਬ ਅਨਾਜ ਮੰਡੀ ਵਿਚ ਮੀਂਹ ਕਾਰਨ ਕਈ ਕਿਸਾਨਾਂ ਦੀ ਫ਼ਸਲ ਹੋਈ ਗਿੱਲੀ,
Publish Date: Sun, 11 Oct 2026 08:20 PM (IST)
Updated Date: Sun, 11 Oct 2026 08:23 PM (IST)
- ਸਰਕਾਰ ਸਮਾਂ ਰਹਿੰਦੇ ਲਿਫਟਿੰਗ ਕਰਵਾਉਂਦੀ ਤਾਂ ਫ਼ਸਲ ਬੱਚ ਜਾਂਦੀ : ਕਿਸਾਨ ਆਗੂ ਨਿਆਮੀਆਂ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਐਤਵਾਰ ਸਵੇਰ ਤੋਂ ਹੀ ਪੈ ਰਹੇ ਮੀਂਹ ਕਾਰਨ ਅਨਾਜ ਮੰਡੀ ਖਰੜ ਵਿਚ ਆਈ ਕਿਸਾਨਾਂ ਦੀ ਫ਼ਸਲ ਅਤੇ ਸਰਕਾਰ ਵੱਲੋਂ ਖ਼ਰੀਦੀ ਫ਼ਸਲ ਖੁੱਲ੍ਹੇ ਅਸਮਾਨ ਵਿਚ ਗਿੱਲੀ ਹੋ ਕੇ ਖ਼ਰਾਬ ਹੋ ਗਈ। ਇਸ ਮੌਕੇ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਜਸਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਅੱਜ ਕੁਦਰਤੀ ਤੌਰ ’ਤੇ ਪਏ ਮੀਂਹ ਤੋਂ ਬਾਅਦ ਮੰਡੀ ਵਿਚ ਆਈ ਕਿਸਾਨਾਂ ਦੀ ਫ਼ਸਲ ਜਿਹੜੀ ਕਿਸੇ ਆੜ੍ਹਤੀ ਕੋਲ ਪਈ ਸੀ ਗਿੱਲੀ ਹੋ ਗਈ। ਉਨ੍ਹਾਂ ਕਿਹਾ ਕਿ ਫ਼ਸਲ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਪਰ ਸ਼ੈੱਡ ਦੇ ਥੱਲ੍ਹੇ ਪਹਿਲਾਂ ਹੀ ਫ਼ਸਲ ਦੀਆਂ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਜੋਕਿ ਸਰਕਾਰ ਵੱਲੋਂ ਕਿਸਾਨਾਂ ਤੋਂ ਖ਼ਰੀਦੀ ਹੋਈ ਫ਼ਸਲ ਦੇ ਹਨ। ਉਨ੍ਹਾਂ ਕਿਹਾ ਕਿ ਰਾਜ ਮੰਡੀਆਂ ਵਿਚ ਬਣੇ ਸ਼ੈੱਡ ਮੀਂਹ ਤੋਂ ਫ਼ਸਲ ਨੂੰ ਬਚਾਉਣ ਲਈ ਹੁੰਦੇ ਹਨ ਪਰ ਸਰਕਾਰ ਵੱਲੋਂ ਨਾਲ ਦੀ ਨਾਲ ਲਿਫਟਿੰਗ ਨਾ ਹੋਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਜਿਸ ਕਾਰਨ ਅੱਜ ਫ਼ਸਲ ਮੀਂਹ ਵਿਚ ਗਿੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸਰਕਾਰ ਵੱਲੋਂ 50 ਹਜ਼ਾਰ ਦੇ ਕਰੀਬ ਬੋਰੀਆਂ ਦੀ ਲਿਫਟਿੰਗ ਕਰਵਾਈ ਗਈ ਸੀ ਪਰ ਬੀਤੇ ਦਿਨਾਂ ਤੋਂ ਬੋਰੀਆਂ ਇਕੱਠੀਆਂ ਹੋਣ ਕਾਰਨ ਬੋਰੀਆਂ ਦੇ ਲੱਗੇ ਅੰਬਾਰ ਤੋਂ ਬਾਅਦ ਕਿਸਾਨ ਵੱਲੋਂ ਮੰਡੀ ਵਿਚ ਲਿਆਂਦੀ ਫ਼ਸਲ ਬਾਹਰ ਬਣੇ ਫੜ੍ਹਾ ’ਤੇ ਰੱਖਣੀ ਪਈ ਤੇ ਅੱਜ ਕਿਸਾਨ ਦੀ ਫ਼ਸਲ ਗਿੱਲੀ ਹੋਣ ਕਾਰਨ ਨੁਕਸਾਨ ਹੋਇਆ ਹੈ, ਜੇਕਰ ਸਰਕਾਰ ਸਮੇਂ ਸਿਰ ਇਹ ਲਿਫਟਿੰਗ ਕਰਵਾ ਦਿੰਦੀ ਤਾਂ ਕਿਸਾਨਾਂ ਨੂੰ ਇਸ ਮੀਂਹ ਕਾਰਨ ਨੁਕਸਾਨ ਨਾ ਝੱਲਣਾ ਪੈਂਦਾ ਕਿਉਂਕਿ ਪਹਿਲਾਂ ਹੀ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਉੱਤੇ 17 ਫ਼ੀਸਦੀ ਨਮੀ ਤੱਕ ਫ਼ਸਲ ਚੱਕੀ ਜਾਂਦੀ ਹੈ ਪਰ ਹੁਣ ਫ਼ਸਲ ਪਾਣੀ ਕਾਰਨ ਗਿੱਲੀ ਹੋ ਚੁੱਕੀ ਹੈ। ਇਸ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਮੀਂਹ ਪੈਣ ਤੋਂ ਬਾਅਦ ਹੁਣ ਤੱਕ ਮਾਰਕੀਟ ਕਮੇਟੀ ਦਾ ਕੋਈ ਵੀ ਅਫ਼ਸਰ ਮੰਡੀ ਦਾ ਦੌਰਾ ਕਰਨ ਲਈ ਨਹੀਂ ਪਹੁੰਚਿਆ, ਜਿੱਥੋਂ ਜਾਹਰ ਹੁੰਦਾ ਹੈ ਕਿ ਪ੍ਰਸ਼ਾਸਨ ਦੀ ਅਣਗਹਿਲੀ ਦਾ ਖ਼ਮਿਆਜ਼ਾ ਕਿਸਾਨ ਭੁਗਤ ਰਿਹਾ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਲਿਫਟਿੰਗ ਹੋਈ ਸੀ, ਜਿਸ ਕਾਰਨ ਅਨਾਜ ਮੰਡੀ ਖਰੜ ਵਿਚ ਫ਼ਸਲ ਦਾ ਮੀਂਹ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਿਹੜੀਆਂ ਬੋਰੀਆਂ ਪਈਆਂ ਹਨ, ਉਹ ਨਮੀ ਖਿੱਚ ਲੈਂਦੀਆਂ ਹਨ ਪਰ ਇੰਨੇ ਕੁ ਮੀਂਹ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ ਅਤੇ ਖਰੜ ਮੰਡੀ ਦੇ ਹਾਲਾਤ ਜ਼ਿਆਦਾਤਰ ਠੀਕ ਹਨ।