ਪੰਜਾਬ ਸਰਕਾਰ ’ਤੇ ਨਹੀਂ ਪੁਲਿਸ ’ਤੇ ਭਰੋਸਾ : ਮਨੋਜ ਤਿਵਾੜੀ ਮਨੋਜ ਤਿਵਾੜੀ ਦਾ 'ਆਪ' ਸਰਕਾਰ 'ਤੇ ਤਿੱਖਾ ਹਮਲਾ, ਕਿਹਾ 'ਪੰਜਾਬ ਸਰਕਾਰ 'ਤੇ ਨਹੀਂ, ਪੁਲਿਸ 'ਤੇ ਭਰੋਸਾ'
Publish Date: Mon, 21 Sep 2026 10:03 PM (IST)
Updated Date: Tue, 22 Sep 2026 04:09 AM (IST)
ਸ਼ਾ ਮੁਕਤ ਪੰਜਾਬ ਯਾਤਰਾ’ ਦੇ ਡੇਰਾਬੱਸੀ ਪਹੁੰਚਣ ’ਤੇ ਜ਼ੋਰਦਾਰ ਤੇ ਭਰਵਾਂ ਸਵਾਗਤ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਡੇਰਾਬੱਸੀ ਪਹੁੰਚਣ ’ਤੇ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਮਨੋਜ ਤਿਵਾੜੀ ਦਾ ਪਾਰਟੀ ਵਰਕਰਾਂ, ਸਥਾਨਕ ਨਿਵਾਸੀਆਂ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਅਤੇ ਸੰਜੀਵ ਖੰਨਾ ਵੱਲੋਂ ਭਰਵਾਂ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਨੋਜ ਤਿਵਾੜੀ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਰੁੱਧ ਤਿੱਖੇ ਸਿਆਸੀ ਤੀਰ ਚਲਾਏ। ਮਨੋਜ ਤਿਵਾੜੀ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਪੰਜਾਬੀਆਂ ਨਾਲ 6 ਮਹੀਨਿਆਂ ਦੇ ਅੰਦਰ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ, ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਆਪਣੀ ਇਸ ਸਮਾਂ-ਸੀਮਾ ਨੂੰ ਲਗਾਤਾਰ ਅੱਗੇ ਵਧਾਉਂਦੀ ਰਹੀ ਅਤੇ ਆਪਣਾ ਵਾਅਦਾ ਪੂਰਾ ਕਰਨ ਵਿੱਚ ਨਾਕਾਮ ਰਹੀ। ਆਪਣੇ ਭਾਸ਼ਣ ਦੌਰਾਨ ਤਿਵਾੜੀ ਨੇ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਪੰਜਾਬ ਨਾਲ ਬਹੁਤ ਪੁਰਾਣਾ ਅਤੇ ਗੂੜ੍ਹਾ ਸਾਂਝ-ਸਬੰਧ ਹੈ। ਉਨ੍ਹਾਂ ਕਿਹਾ, ਅਸੀਂ ਬਚਪਨ ਤੋਂ ਹੀ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਦੀ ਬਹਾਦਰੀ, ਕੁਰਬਾਨੀ ਅਤੇ ਸੇਵਾ ਭਾਵਨਾ ਦੇ ਕਿੱਸੇ ਸੁਣਦੇ ਆਏ ਹਾਂ। ਯੂ.ਪੀ. ਅਤੇ ਬਿਹਾਰ ਤੋਂ ਲੱਖਾਂ ਲੋਕ ਰੋਜ਼ਗਾਰ ਲਈ ਪੰਜਾਬ ਆਏ, ਜਿਨ੍ਹਾਂ ਨੂੰ ਇੱਥੋਂ ਦੇ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਅਪਣਾਇਆ। ਉਨ੍ਹਾਂ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਅਜਿਹੇ ਮਹਾਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਦੇਖਣਾ ਬਹੁਤ ਹੀ ਚਿੰਤਾਜਨਕ ਹੈ। ਨਸ਼ਿਆਂ ਵਿਰੁੱਧ ਜਨਤਾ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਤਿਵਾੜੀ ਨੇ ਆਖਿਆ, ਇਕ ਵਾਰ ਮਿਲ ਕੇ ਹੁੰਕਾਰ ਭਰੋ, ਇਸ ਪਿਆਰੇ ਪੰਜਾਬ ਨੂੰ ਬਚਾ ਲਓ। ਉਨ੍ਹਾਂ ਸਰਕਾਰ ਤੇ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਕਿ ਜੇਕਰ ਨੌਜਵਾਨ ਅਤੇ ਛੋਟੇ ਬੱਚੇ ਨਸ਼ਿਆਂ ਦੀ ਲਪੇਟ ਚ ਆ ਰਹੇ ਹਨ ਤਾਂ ਇਹ ਨਸ਼ਾ ਉਨ੍ਹਾਂ ਤੱਕ ਪਹੁੰਚ ਕਿੱਥੋਂ ਰਿਹਾ ਹੈ? ਇਸ ਦੀ ਜਵਾਬਦੇਹੀ ਅਤੇ ਜ਼ਿੰਮੇਵਾਰੀ ਤੁਰੰਤ ਤੈਅ ਹੋਣੀ ਚਾਹੀਦੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਵਿੱਚ ਵੀ ਇਸੇ ਤਰ੍ਹਾਂ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਸਮਾਂ ਮੰਗਣ ਦੀ ਰਾਜਨੀਤੀ ਕੀਤੀ ਸੀ। ਉਨ੍ਹਾਂ ਸਪੱਸ਼ਟ ਕੀਤਾ, ਸਾਨੂੰ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ਤੇ ਪੂਰਾ ਭਰੋਸਾ ਹੈ, ਪਰ ਮੌਜੂਦਾ ਪੰਜਾਬ ਸਰਕਾਰ ਦੀ ਨੀਅਤ ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਤਿਵਾੜੀ ਨੇ ਯਾਦ ਦਿਵਾਇਆ ਕਿ ਪੰਜਾਬ ਕਦੇ ਪੂਰੇ ਦੇਸ਼ ਦੇ ਵਿਕਾਸ ਦਾ ਇੰਜਣ ਹੁੰਦਾ ਸੀ ਅਤੇ ਅੱਜ ਇਸ ਨੂੰ ਮੁੜ ਉਸੇ ਬੁਲੰਦੀ ਤੇ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਦੇ ਕਈ ਸੂਬਾਈ ਤੇ ਸਥਾਨਕ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਥਾਨਕ ਲੋਕ ਮੌਜੂਦ ਸਨ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪਰਮਿੰਦਰ ਬਰਾੜ ਸੂਬਾ ਸਕੱਤਰ ਭਾਜਪਾ, ਰਵਿੰਦਰ ਵੈਸ਼ਨਵ, ਪਵਨ ਧੀਮਾਨ ਉਰਫ਼ ਪੰਮਾ, ਸੁਖਦੇਵ ਰਾਣਾ, ਹੈਪੀ ਕੌਂਸਲ, ਰਵਿੰਦਰ ਬੱਤਰਾ, ਸੁਧੀਰ ਕਾਂਤੀਵਾਲ, ਗੁਰਮੀਤ ਸਿੰਘ ਖੇੜੀ ਗੁੱਜਰਾਂ ਸਮੇਤ ਅਨੇਕਾਂ ਭਾਜਪਾ ਵਰਕਰ ਮੌਜੂਦ ਸਨ।