ਮਨੀਸ਼ ਸਿਸੋਦੀਆ ਦਾ ਭਾਜਪਾ 'ਤੇ ਤਿੱਖਾ ਹਮਲਾ, ਝੂਠੀਆਂ ਸਿਆਸੀ ਰੋਟੀਆਂ ਸੇਕਣ ਪਹੁੰਚੇ ਨੇਤਾਵਾਂ ਨੂੰ ਪਿੰਡ ਵਾਸੀਆਂ ਨੇ ਦੌੜਾਇਆ; ਮੁਰਦਾਬਾਦ ਦੇ ਲੱਗੇ ਨਾਅਰੇ ਸੰਗਰੂਰ ਦੇ ਤੂਰ ਬੰਜਾਰਾ ’ਚ ਗੁਲਜ਼ਾਰ ਸਿੰਘ ਦੀ ਮੌਤ ’ਤੇ ਪਹੁੰਚੇ ਭਾਜਪਾ ਆਗੂਆਂ ਨੂੰ ਪਿੰਡ ਦੇ ਲੋਕਾਂ ਨੇ ਭਜਾ ਦਿੱਤਾ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਪੰਜਾਬ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਦਾ ਘਿਰਾਓ ਕੀਤਾ ਤੇ ਉਨ੍ਹਾਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਘਟਨਾ ਨੇ ਸਿਆਸੀ ਲਾਭ ਲੈਣ ਲਈ ਇਕ ਗ਼ਰੀਬ ਦਲਿਤ ਪਰਿਵਾਰ ਦੇ ਦਰਦ ਦਾ ਸ਼ੋਸ਼ਣ ਕਰਨ ਦੀ ਭਾਜਪਾ ਦੀ ਕੋਸ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ।
Publish Date: Fri, 11 Sep 2026 11:33 AM (IST)
Updated Date: Fri, 11 Sep 2026 11:35 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ - ਸੰਗਰੂਰ ਦੇ ਤੂਰ ਬੰਜਾਰਾ ’ਚ ਗੁਲਜ਼ਾਰ ਸਿੰਘ ਦੀ ਮੌਤ ’ਤੇ ਪਹੁੰਚੇ ਭਾਜਪਾ ਆਗੂਆਂ ਨੂੰ ਪਿੰਡ ਦੇ ਲੋਕਾਂ ਨੇ ਭਜਾ ਦਿੱਤਾ। ਇਸ ਦੌਰਾਨ ਪਿੰਡ ਦੇ ਲੋਕਾਂ ਨੇ ਪੰਜਾਬ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਦਾ ਘਿਰਾਓ ਕੀਤਾ ਤੇ ਉਨ੍ਹਾਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਘਟਨਾ ਨੇ ਸਿਆਸੀ ਲਾਭ ਲੈਣ ਲਈ ਇਕ ਗ਼ਰੀਬ ਦਲਿਤ ਪਰਿਵਾਰ ਦੇ ਦਰਦ ਦਾ ਸ਼ੋਸ਼ਣ ਕਰਨ ਦੀ ਭਾਜਪਾ ਦੀ ਕੋਸ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ।
ਸਿਸੋਦੀਆ ਨੇ ਐਕਸ ’ਤੇ ਲਿਖਿਆ ਕਿ ਭਾਜਪਾ ਨੇ ਪੰਜਾਬ ’ਚ ਇਕ ਗ਼ਰੀਬ ਦਲਿਤ ਪਰਿਵਾਰ ਦੇ ਦਰਦ ’ਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ੀਸ਼ਾ ਦਿਖਾ ਦਿੱਤਾ। ਜਦੋਂ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਆਪਣੀਆਂ ਝੂਠੀਆਂ ਸਿਆਸੀ ਰੋਟੀਆਂ ਸੇਕਣ ਲਈ ਪਿੰਡ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ, 'ਕੇਵਲ ਸਿੰਘ ਢਿੱਲੋਂ ਮੁਰਦਾਬਾਦ' ਦੇ ਨਾਅਰੇ ਲਗਾਏ ਤੇ ਉਨ੍ਹਾਂ ਨੂੰ ਪਿੰਡ ’ਚ ਵੜਨ ਤੱਕ ਨਹੀਂ ਦਿੱਤਾ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੀ ਮੌਤ ਦੇ ਦੁੱਖ ’ਚ ਡੁੱਬੇ ਪਰਿਵਾਰ ਦੇ ਦਰਦ ਦੀ ਪਰਵਾਹ ਕੀਤੇ ਬਿਨਾਂ, ਭਾਜਪਾ ਆਗੂ ਉਨ੍ਹਾਂ ਦੀ ਲਾਸ਼ ’ਤੇ ਸਿਆਸਤ ਕਰਨ ਲਈ ਪਿੰਡ ਪਹੁੰਚ ਗਏ। ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਵਾਪਸ ਮੋੜ ਦਿੱਤਾ ਤੇ ਉਨ੍ਹਾਂ ਦੀ ਮੌਕਾਪ੍ਰਸਤ ਸਿਆਸਤ ਦਾ ਪਰਦਾਫਾਸ਼ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੇਵਲ ਢਿੱਲੋਂ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਮਨਪ੍ਰੀਤ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ’ਤੇ ਲੋਕ ਮੌਤ ਨੂੰ ਸਿਆਸੀ ਤਮਾਸ਼ਾ ਬਣਾਉਣ ਵਾਲਿਆਂ ਨੂੰ ਕਦੇ ਮਾਫ਼ ਨਹੀਂ ਕਰਦੇ। ਭਾਜਪਾ ਵੱਲੋਂ ਸਿਆਸੀ ਚਾਲ ਚੱਲਣ ’ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੁੱਖ ਦੀ ਘੜੀ ’ਚ ਹਮਦਰਦੀ ਦੀ ਬਜਾਏ ਸਿਆਸੀ ਮੌਕੇ ਦੇਖਦੇ ਹਨ, ਉਹ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਿਆਸਤ ਸਿਖਾਉਣਗੇ? ਪੰਜਾਬ ਲਾਸ਼ਾਂ ’ਤੇ ਸਿਆਸਤ ਕਰਨ ਵਾਲੀ ਇਸ ਸ਼ਰਮਨਾਕ ਸੋਚ ਨੂੰ ਕਦੇ ਸਵੀਕਾਰ ਨਹੀਂ ਕਰੇਗਾ।