ਮਨੌਲੀ ਦੀ ਡੇਢ ਦਹਾਕਾ ਪੁਰਾਣੀ ਮਾਰਕੀਟ ’ਤੇ ਉਜਾੜੇ ਦਾ ਖ਼ਤਰਾ ਮਨੌਲੀ ਦੀ ਡੇਢ ਦਹਾਕਾ ਪੁਰਾਣੀ ਮਾਰਕੀਟ ’ਤੇ ਉਜਾੜੇ ਦਾ ਖ਼ਤਰਾ :
Publish Date: Sun, 19 Jul 2026 09:54 PM (IST)
Updated Date: Mon, 20 Jul 2026 04:10 AM (IST)
ਦਰਜਨ ਤੋਂ ਵੱਧ ਦੁਕਾਨਦਾਰਾਂ ਦੀ ਰੋਟੀ ਰੋਜ਼ੀ ’ਤੇ ਛਾਇਆ ਸੰਕਟ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ ; ਮੁਹਾਲੀ ਦੇ ਨੇੜਲੇ ਪਿੰਡ ਮਨੌਲੀ ਤੋਂ ਜੇਐੱਲਪੀਐੱਲ ਸੈਕਟਰ 82 ਨੂੰ ਆਉਂਦੀ ਸੜਕ ’ਤੇ ਸੈਕਟਰ 83 ਵਿਚ ਪੈਂਦੀ ਸੜਕ ’ਤੇ ਵਸੀ ਹੋਈ ਡੇਢ ਦਹਾਕਾ ਪੁਰਾਣੀ ਮਾਰਕੀਟ ਦਾ ਉਜਾੜੇ ਦਾ ਖ਼ਤਰਾ ਮੰਡਰਾ ਗਿਆ ਹੈ। ਇਸ ਮਾਰਕੀਟ ਵਿਚ ਦਰਜਨ ਤੋਂ ਵੱਧ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਢਾਹੇ ਜਾਣ ਲਈ ਪਿਛਲੇ ਤਿੰਨ ਦਿਨਾਂ ਤੋਂ ਗਮਾਡਾ ਵੱਲੋਂ ਲਗਾਤਾਰ ਗੱਡੀ ’ਤੇ ਲਾਊਡ ਸਪੀਕਰ ਰਾਹੀਂ ਮੁਨਿਆਦੀ ਕਰਵਾਈ ਜਾ ਰਹੀ ਹੈ। ਗਮਾਡਾ ਦੀ ਇਸ ਕਾਰਵਾਈ ਨਾਲ ਦਰਜਨ ਤੋਂ ਵੱਧ ਦੁਕਾਨਦਾਰ, ਜਿਹੜੇ ਕਿ ਪਿਛਲੇ ਦਸ ਤੋਂ ਲੈ ਕੇ ਪੰਦਰਾਂ ਸਾਲਾਂ ਤੋਂ ਦੁਕਾਨਾਂ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਸਨ, ਦੀ ਰੋਟੀ ਰੋਜ਼ੀ ’ਤੇ ਸੰਕਟ ਛਾ ਗਿਆ ਹੈ। ਇਸ ਦੌਰਾਨ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਬੰਧਤ ਮਾਰਕੀਟ ਵਿਚ ਜਾ ਕੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਵਿਚ ਮਾਰਕੀਟ ਬਣੀ ਹੋਈ ਹੈ, ਨਾ ਤਾਂ ਉਹ ਗਮਾਡਾ ਦੀ ਜ਼ਮੀਨ ਹੈ, ਨਾ ਹੀ ਉਸ ਦੇ ਨੇੜੇ ਕੋਈ ਗਮਾਡਾ ਦਾ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਦੀ ਰੋਟੀ-ਰੋਜ਼ੀ ਖੋਹਣਾ ਅਤੇ ਉਜਾੜਨਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਬੰਧਤ ਜ਼ਮੀਨ ਦੇ ਇਰਦ-ਗਿਰਦ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਪ੍ਰੋਜੈਕਟ ਹੈ ਤੇ ਵਿਧਾਇਕ ਵੱਲੋਂ ਆਪਣੇ ਪ੍ਰੋਜੈਕਟ ਦਾ ਰਸਤਾ ਸਾਫ਼ ਕਰਨ ਲਈ ਗਮਾਡਾ ਦੀ ਵਰਤੋਂ ਕਰਕੇ ਗਰੀਬ ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਨਾ ਕਿਸੇ ਦੁਕਾਨ ’ਤੇ ਲੈਂਟਰ ਹੈ ਤੇ ਨਾ ਹੀ ਕੋਈ ਪੱਕਾ ਬੁਨਿਆਦੀ ਢਾਂਚਾ ਹੈ। ਉਨ੍ਹਾਂ ਕਿਹਾ ਵਿਧਾਇਕ ਨੂੰ ਚਾਹੀਦਾ ਹੈ ਕਿ ਸਬੰਧਤ ਕਿਸਾਨਾਂ ਤੋਂ ਪਹਿਲਾਂ ਜ਼ਮੀਨ ਖ਼ਰੀਦੇ ਅਤੇ ਉਸ ਤੋਂ ਬਾਅਦ ਦੁਕਾਨਦਾਰਾਂ ਨੂੰ 10-10 ਲੱਖ ਦਾ ਉਜਾੜਾ ਭੱਤਾ ਦੇ ਕੇ ਦੁਕਾਨਾਂ ਖ਼ਾਲੀ ਕਰਵਾਈਆਂ ਜਾਣ। ਡੱਬੀ : ਕਿਸੇ ਦੁਕਾਨਦਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ : ਵਿਧਾਇਕ ਇਸ ਸਬੰਧੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਬੰਧਤ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਗਮਾਡਾ ਆਪਣਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਮਨੌਲੀ ਦੇ ਸਰਪੰਚ ਦੇ ਨਾਲ ਮਨੌਲੀ ਤੋਂ ਦੁਕਾਨਦਾਰ ਉਨ੍ਹਾਂ ਦੇ ਕੋਲ ਆਏ ਸਨ। ਉਨ੍ਹਾਂ ਕਿਹਾ ਕਿ ਗਮਾਡਾ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਦੁਕਾਨਦਾਰ ਨਾਲ ਕੋਈ ਧੱਕਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਾਰੇ ਮਾਮਲੇ ਨੂੰ ਵੇਖਣਗੇ।