ਬਲਟਾਣਾ ’ਚ 25 ਪਰਿਵਾਰ ‘ਆਪ’ ’ਚ ਸ਼ਾਮਲ ਬਲਟਾਣਾ 'ਚ ਭਾਜਪਾ ਨੂੰ ਵੱਡਾ ਝਟਕਾ: ਵਾਰਡ ਨੰਬਰ 4 ਦੇ 25 ਪਰਿਵਾਰ 'ਆਪ' 'ਚ ਸ਼ਾਮਲ
Publish Date: Sat, 10 Oct 2026 07:54 PM (IST)
Updated Date: Sat, 10 Oct 2026 07:56 PM (IST)
- ਵਿਧਾਇਕ ਰੰਧਾਵਾ ਨੇ ਸਿਰੋਪਾਓ ਪਾ ਕੇ ਨਵੇਂ ਮੈਂਬਰਾਂ ਦਾ ਕੀਤਾ ਸਵਾਗਤ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਤੇ ਭਲਾਈ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵਾਰਡ ਨੰਬਰ 4, ਬਲਟਾਣਾ ਵਿਖੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਕਰੀਬ 25 ਪਰਿਵਾਰਾਂ ਨੇ ਭਾਜਪਾ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਸ਼੍ਰੀ ਬਜਰੰਗ ਦੀ ਅਗਵਾਈ ਹੇਠ ਸ਼ਮੂਲੀਅਤ ਸਮਾਗਮ ਦੌਰਾਨ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਸਮੂਹ ਨਵੇਂ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਜੀ ਆਇਆਂ ਨੂੰ ਕਿਹਾ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਮੂਹ ਆਗੂਆਂ ਤੇ ਪਰਿਵਾਰਾਂ ਨੂੰ ਪਾਰਟੀ ਅੰਦਰ ਪੂਰਾ ਮਾਣ-ਸਨਮਾਨ ਅਤੇ ਬਣਦਾ ਹੱਕ ਦਿੱਤਾ ਜਾਵੇਗਾ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਲਗਾਤਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਸਰਕਾਰ ਦੀਆਂ ਚੰਗੀਆਂ ਨੀਤੀਆਂ ’ਤੇ ਲੋਕਾਂ ਦੀ ਮੋਹਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2022 ਵਿਚ ਚੋਣਾਂ ਦੌਰਾਨ ‘ਆਪ’ ਵੱਲੋਂ ਕੀਤੀਆਂ ਗਈਆਂ ਗਾਰੰਟੀਆਂ ਅਤੇ ਵਾਅਦਿਆਂ ਨੂੰ ਧਰਾਤਲ ’ਤੇ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਸਾਥੀਆਂ ਦੇ ਆਉਣ ਨਾਲ ਹਲਕਾ ਡੇਰਾਬੱਸੀ ਅਤੇ ਜ਼ੀਰਕਪੁਰ ਖੇਤਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ। ਇਸ ਸ਼ਮੂਲੀਅਤ ਦੌਰਾਨ ਪਾਰਟੀ ਚ ਸ਼ਾਮਲ ਹੋਣ ਵਾਲਿਆਂ ’ਚ ਪ੍ਰਮੁੱਖ ਤੌਰ ’ਤੇ ਮੁਕੇਸ਼ ਰਾਣੀ, ਬਿਜਲੀ ਦੇਵੀ, ਪਲਵੀ, ਜੋਤੀ, ਰੇਖਾ, ਪ੍ਰੀਤੀ, ਬਜਰੰਗ ਗਰਗ, ਪ੍ਰਮੋਦ ਮਿੱਤਲ, ਸੁੰਦਰ ਲਾਲ ਅਤੇ ਤਰਸੇਮ ਚੰਦ ਸਮੇਤ ਹੋਰ ਕਈ ਪਤਵੰਤੇ ਸੱਜਣ ਸ਼ਾਮਲ ਸਨ। ਇਸ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ, ਵਾਰਡ ਇੰਚਾਰਜ ਅਰਸ਼ਪ੍ਰੀਤ ਸਿੰਘ, ਮਹਿਲਾ ਵਿੰਗ ਆਗੂ ਸਵਰਨਜੀਤ ਕੌਰ, ਅਮਰੀਕ ਭੁੱਲਰ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰ, ਵਾਰਡ ਇੰਚਾਰਜ ਸਮੇਤ ਆਪ ਆਗੂ ਤੇ ਵਰਕਰ ਹਾਜ਼ਰ ਸਨ।