ਸਿੱਖਿਆ ਵਿਭਾਗ ਦਾ ਵੱਡਾ ਫੈਸਲਾ: PSTET-2 ਦੇ ਆਧਾਰ ’ਤੇ ਗੈਰ-ਅਧਿਆਪਨ cgne ਦੀਆਂ ਮਾਸਟਰ ਕੇਡਰ ਤਰੱਕੀਆਂ ਰੱਦ, ਮੁੜ ਫੀਡਰ ਕੇਡਰ ’ਚ ਭੇਜਣ ਦੇ ਹੁਕਮ
ਆਨਲਾਈਨ ਪੋਰਟਲ ’ਤੇ ਅਰਜ਼ੀਆਂ ਭਰਨ ਸਮੇਂ ਉਮੀਦਵਾਰਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਨਿਯਮਤ ਅਧਿਆਪਕ ਹਨ। ਇਸ ਦੌਰਾਨ ਕੁਝ ਗੈਰ-ਅਧਿਆਪਨ ਕਰਮਚਾਰੀਆਂ ਨੇ ਇਸ ਸਵਾਲ ਦੇ ਜਵਾਬ ਵਿੱਚ 'ਹਾਂ' ਦਰਜ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 26 ਅਪ੍ਰੈਲ 2026 ਨੂੰ ਹੋਈ ਪੀਐੱਸਟੀਈਟੀ-2 ਪ੍ਰੀਖਿਆ ਲਈ ਰੋਲ ਨੰਬਰ ਜਾਰੀ ਕਰ ਦਿੱਤੇ ਗਏ। ਇਸ ਪ੍ਰੀਖਿਆ ਦਾ ਨਤੀਜਾ 11 ਮਈ ਨੂੰ ਐਲਾਨਿਆ ਗਿਆ ਸੀ।
Publish Date: Tue, 24 Nov 2026 08:03 AM (IST)
Updated Date: Tue, 24 Nov 2026 08:09 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ। ਪੰਜਾਬ ਸਿੱਖਿਆ ਵਿਭਾਗ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ-2 (ਪੀਐੱਸਟੀਈਟੀ-2) ਪਾਸ ਕਰਨ ਦੇ ਆਧਾਰ ’ਤੇ ਗੈਰ-ਅਧਿਆਪਨ ਕੇਡਰ ਦੇ ਮੁਲਾਜ਼ਮਾਂ ਨੂੰ ਮਾਸਟਰ ਕੇਡਰ ਵਿੱਚ ਦਿੱਤੀਆਂ ਤਰੱਕੀਆਂ ਰੱਦ ਕਰ ਦਿੱਤੀਆਂ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਕਿਰਿਆ ਵਿੱਚ ਇਕਸਾਰਤਾ ਬਣਾਈ ਰੱਖਣ ਲਈ ਅਜਿਹੇ ਸਾਰੇ ਤਰੱਕੀ ਹੁਕਮ ਰੱਦ ਮੰਨੇ ਜਾਣਗੇ। ਇਸ ਦੇ ਨਾਲ ਹੀ ਮਾਸਟਰ ਕੇਡਰ ਵਿੱਚ ਜੁਆਇਨ ਕਰ ਚੁੱਕੇ ਮੁਲਾਜ਼ਮਾਂ ਨੂੰ ਵੀ ਤੁਰੰਤ ਆਪਣੇ ਮੂਲ ਫੀਡਰ ਕੇਡਰ ਵਿੱਚ ਵਾਪਸ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ 23 ਨਵੰਬਰ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਵਿਭਾਗ ਨੇ ਪਹਿਲੀ ਅਪ੍ਰੈਲ ਨੂੰ ਸੇਵਾ ਨਿਭਾ ਰਹੇ ਅਧਿਆਪਕਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਕਰਵਾਉਣ ਸਬੰਧੀ ਨੋਟਿਸ ਜਾਰੀ ਕੀਤਾ ਸੀ।
ਆਨਲਾਈਨ ਪੋਰਟਲ ’ਤੇ ਅਰਜ਼ੀਆਂ ਭਰਨ ਸਮੇਂ ਉਮੀਦਵਾਰਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਨਿਯਮਤ ਅਧਿਆਪਕ ਹਨ। ਇਸ ਦੌਰਾਨ ਕੁਝ ਗੈਰ-ਅਧਿਆਪਨ ਕਰਮਚਾਰੀਆਂ ਨੇ ਇਸ ਸਵਾਲ ਦੇ ਜਵਾਬ ਵਿੱਚ 'ਹਾਂ' ਦਰਜ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 26 ਅਪ੍ਰੈਲ 2026 ਨੂੰ ਹੋਈ ਪੀਐੱਸਟੀਈਟੀ-2 ਪ੍ਰੀਖਿਆ ਲਈ ਰੋਲ ਨੰਬਰ ਜਾਰੀ ਕਰ ਦਿੱਤੇ ਗਏ। ਇਸ ਪ੍ਰੀਖਿਆ ਦਾ ਨਤੀਜਾ 11 ਮਈ ਨੂੰ ਐਲਾਨਿਆ ਗਿਆ ਸੀ।
ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪ੍ਰੀਖਿਆ ਸਿਰਫ਼ ਸੇਵਾ ਨਿਭਾਅ ਰਹੇ ਅਧਿਆਪਕਾਂ ਲਈ ਸੀ ਅਤੇ ਵੱਡੀ ਗਿਣਤੀ ਵਿੱਚ ਗੈਰ-ਅਧਿਆਪਨ ਮੁਲਾਜ਼ਮਾਂ ਨੇ ਇਸ ਲਈ ਅਰਜ਼ੀਆਂ ਵੀ ਨਹੀਂ ਦਿੱਤੀਆਂ ਸਨ। ਇਸ ਲਈ 26 ਅਪ੍ਰੈਲ ਨੂੰ ਹੋਈ ਪ੍ਰੀਖਿਆ ਪਾਸ ਕਰਨ ਦੇ ਆਧਾਰ ’ਤੇ ਗੈਰ-ਅਧਿਆਪਨ ਮੁਲਾਜ਼ਮਾਂ ਨੂੰ ਮਾਸਟਰ ਕੇਡਰ ਵਿੱਚ ਦਿੱਤੀਆਂ ਗਈਆਂ ਤਰੱਕੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਮੁਲਾਜ਼ਮਾਂ ਨੂੰ ਮਾਸਟਰ ਕੇਡਰ ਵਿੱਚ ਜੁਆਇਨ ਨਾ ਕਰਵਾਇਆ ਜਾਵੇ। ਇਸ ਤੋਂ ਇਲਾਵਾ ਜਿਹੜੇ ਮੁਲਾਜ਼ਮ ਪਹਿਲਾਂ ਹੀ ਮਾਸਟਰ ਕੇਡਰ ਵਿੱਚ ਜੁਆਇਨ ਕਰ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਵਾਪਸ ਉਨ੍ਹਾਂ ਦੇ ਮੂਲ ਫੀਡਰ ਕੇਡਰ ਵਿੱਚ ਭੇਜਿਆ ਜਾਵੇ। ਸਬੰਧਤ ਡੀਡੀਓਜ਼ ਨੂੰ ਵੀ ਇਨ੍ਹਾਂ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ