ਨਕਲੀ ਪਨੀਰ ਦੀ ਫੈਕਟਰੀ ’ਤੇ ਛਾਪਾ ਡੇਰਾਬੱਸੀ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਨਕਲੀ ਪਨੀਰ ਦੀ ਫੈਕਟਰੀ 'ਤੇ ਛਾਪਾ,
Publish Date: Tue, 22 Sep 2026 09:31 PM (IST)
Updated Date: Tue, 22 Sep 2026 09:33 PM (IST)
-ਡੇਰਾਬੱਸੀ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ, -ਪਾਊਡਰ ਵਾਲਾ ਦੁੱਧ ਜ਼ਬਤ ਕਰਕੇ ਫੈਕਟਰੀ ਕੀਤੀ ਸੀਲ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਆਗਾਮੀ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਨੇ ਮਿਲਾਵਟਖੋਰਾਂ ਖ਼ਿਲਾਫ਼ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਇਲਾਕੇ ਦੇ ਪਿੰਡ ਸੁੰਡਰਾਂ ਵਿਖੇ ਇਕ ਗ਼ੈਰ-ਕਾਨੂੰਨੀ ਅਤੇ ਮਿਆਰਹੀਣ ਪਨੀਰ ਬਣਾਉਣ ਵਾਲੀ ਫੈਕਟਰੀ ’ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਵਿਭਾਗ ਵੱਲੋਂ ਮੌਕੇ ਤੋਂ ਕਰੀਬ 1200 ਕਿਲੋ ਸ਼ੱਕੀ ਪਨੀਰ ਅਤੇ ਪਾਊਡਰ ਵਾਲਾ ਦੁੱਧ ਜ਼ਬਤ ਕੀਤਾ ਗਿਆ ਅਤੇ ਫੈਕਟਰੀ ਨੂੰ ਮੌਕੇ ਤੇ ਹੀ ਸੀਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ, ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਫੈਕਟਰੀ ਵਿਚ ਸਿਹਤ ਲਈ ਹਾਨੀਕਾਰਕ ਅਤੇ ਨਕਲੀ ਪਨੀਰ ਤਿਆਰ ਕੀਤਾ ਜਾ ਰਿਹਾ ਹੈ। ਜਦੋਂ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਹੈਰਾਨੀਜਨਕ ਖ਼ੁਲਾਸੇ ਹੋਏ। ਵਿਭਾਗੀ ਅਧਿਕਾਰੀਆਂ ਮੁਤਾਬਕ ਫੈਕਟਰੀ ਵਿਚ ਅਸਲੀ ਦੁੱਧ ਦੀ ਵਰਤੋਂ ਕਰਨ ਦੀ ਬਜਾਏ ਪਾਊਡਰ ਅਤੇ ਹੋਰ ਰਸਾਇਣਾਂ ਨਾਲ ਪਨੀਰ ਤਿਆਰ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ, ਫੈਕਟਰੀ ਦੇ ਅੰਦਰ ਸਫ਼ਾਈ ਦੇ ਬਿਲਕੁਲ ਵੀ ਢੁਕਵੇਂ ਪ੍ਰਬੰਧ ਨਹੀਂ ਸਨ। ਗੰਦੇ ਪਾਣੀ ਅਤੇ ਬਦਬੂਦਾਰ ਮਾਹੌਲ ਦੇ ਬਿਲਕੁਲ ਨੇੜੇ ਹੀ ਪਨੀਰ ਤਿਆਰ ਕੀਤਾ ਜਾ ਰਿਹਾ ਸੀ, ਜੋ ਕਿ ਲੋਕਾਂ ਦੀ ਸਿਹਤ ਨਾਲ ਇਕ ਵੱਡਾ ਖਿਲਵਾੜ ਹੈ। ਇੰਨਾ ਹੀ ਨਹੀਂ, ਇਸ ਗ਼ੈਰ-ਕਾਨੂੰਨੀ ਕਾਰੋਬਾਰ ਨੂੰ ਲੁਕਾਉਣ ਲਈ ਫੈਕਟਰੀ ਦੇ ਬਾਹਰ ਕੋਈ ਨਾਮ ਜਾਂ ਬੋਰਡ ਤੱਕ ਨਹੀਂ ਲਗਾਇਆ ਗਿਆ ਸੀ। ਸਿਹਤ ਵਿਭਾਗ ਨੇ ਜ਼ਬਤ ਕੀਤੇ ਪਨੀਰ ਦੇ ਸੈਂਪਲ ਲੈ ਕੇ ਲੈਬਾਰਟਰੀ ਵਿਚ ਜਾਂਚ ਲਈ ਭੇਜ ਦਿੱਤੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਫੈਕਟਰੀ ਦਾ ਅਸਲ ਮਾਲਕ ਕੌਣ ਹੈ ਅਤੇ ਇਹ ਨਕਲੀ ਤੇ ਮਿਲਾਵਟੀ ਪਨੀਰ ਕਿਹੜੇ-ਕਿਹੜੇ ਸ਼ਹਿਰਾਂ ਅਤੇ ਇਲਾਕਿਆਂ ਦੀਆਂ ਦੁਕਾਨਾਂ ’ਤੇ ਸਪਲਾਈ ਕੀਤਾ ਜਾ ਰਿਹਾ ਸੀ। ਸਿਹਤ ਵਿਭਾਗ ਦੀ ਇਸ ਅਚਾਨਕ ਅਤੇ ਸਖ਼ਤ ਕਾਰਵਾਈ ਤੋਂ ਬਾਅਦ ਇਲਾਕੇ ਦੇ ਮਿਲਾਵਟਖੋਰਾਂ ਅਤੇ ਗ਼ੈਰ-ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣ ਵਾਲਿਆਂ ਵਿਚ ਹੜਕੰਪ ਮਚ ਗਿਆ ਹੈ। ਅਧਿਕਾਰੀਆਂ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਤਿਉਹਾਰਾਂ ਦੌਰਾਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।