- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਸੰਜੀਵ ਅਰੋੜਾ ਨਾਲ ਸਬੰਧਤ 55.57 ਕਰੋੜ ਰੁਪਏ ਦੀਆਂ ਸੰਪਤੀਆਂ ਅਟੈਚ ਕੀਤੀਆਂ ਹਨ।

ਰੋਹਿਤ ਕੁਮਾਰ, ਚੰਡੀਗੜ੍ਹ, : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਸੰਜੀਵ ਅਰੋੜਾ ਨਾਲ ਸਬੰਧਤ 55.57 ਕਰੋੜ ਰੁਪਏ ਦੀਆਂ ਸੰਪਤੀਆਂ ਅਟੈਚ ਕੀਤੀਆਂ ਹਨ। ਈਡੀ ਅਨੁਸਾਰ ਇਹ ਸੰਪਤੀਆਂ ਸੰਜੀਵ ਅਰੋੜਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਨਾਲ ਜੁੜੀ ਰੀਅਲ ਅਸਟੇਟ ਕੰਪਨੀ ਹੈਮਪਟਨ ਸਕਾਈ ਰਿਆਲਟੀ ਲਿਮਟਿਡ (ਐਚਐੱਸਆਰਐੱਲ) ਦੇ ਨਾਮ ’ਤੇ ਦਰਜ ਹਨ।
ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ)-2002 ਤਹਿਤ ਜਾਰੀ ਅਸਥਾਈ ਅਟੈਚਮੈਂਟ ਆਰਡਰ ਅਧੀਨ ਬੈਂਕ ਖਾਤੇ, ਫਿਕਸਡ ਡਿਪਾਜ਼ਿਟ, ਜ਼ਮੀਨਾਂ, ਵਪਾਰਕ ਜਾਇਦਾਦਾਂ ਅਤੇ ਰਿਹਾਇਸ਼ੀ ਅਪਾਰਟਮੈਂਟ ਸ਼ਾਮਲ ਹਨ। ਇਹ ਸੰਪਤੀਆਂ ਲੁਧਿਆਣਾ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਸਥਿਤ ਹਨ।
ਈਡੀ ਨੇ ਸੰਜੀਵ ਅਰੋੜਾ ਨੂੰ 9 ਮਈ 2026 ਨੂੰ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਮਾਮਲਾ ਕਰੀਬ 100 ਕਰੋੜ ਰੁਪਏ ਦੇ ਕਥਿਤ ਜੀਐੱਸਟੀ ਘਪਲੇ ਨਾਲ ਜੁੜਿਆ ਹੋਇਆ ਹੈ। ਜਾਂਚ ਏਜੰਸੀ ਮੁਤਾਬਕ ਮੋਬਾਈਲ ਫੋਨਾਂ ਦੀ ਖਰੀਦ-ਫਰੋਖ਼ਤ ਅਤੇ ਜਾਅਲੀ ਨਿਰਯਾਤ ਰਾਹੀਂ ਟੈਕਸ ਚੋਰੀ ਅਤੇ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਕੀਤੇ ਗਏ।
ਈਡੀ ਦਾ ਦਾਅਵਾ ਹੈ ਕਿ ਐਚਐੱਸਆਰਐੱਲ ਨੇ 2023-24 ਦੌਰਾਨ 157 ਕਰੋੜ ਰੁਪਏ ਦੇ ਮੋਬਾਈਲ ਫੋਨ ਕਾਰੋਬਾਰ ਦਾ ਵੇਰਵਾ ਦਿੱਤਾ ਸੀ, ਜਿਸ ਵਿੱਚ 102.50 ਕਰੋੜ ਰੁਪਏ ਦਾ ਨਿਰਯਾਤ ਯੂਏਈ ਦੀਆਂ ਦੋ ਕੰਪਨੀਆਂ ਨੂੰ ਦਰਸਾਇਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਖਰੀਦ ਦਿਖਾਉਣ ਵਾਲੀਆਂ ਕਈ ਫਰਮਾਂ ਸ਼ੈੱਲ ਕੰਪਨੀਆਂ ਜਾਂ ਗੈਰ-ਮੌਜੂਦ ਇਕਾਈਆਂ ਸਨ, ਜਿਨ੍ਹਾਂ ਦੀ ਵਰਤੋਂ ਕਥਿਤ ਤੌਰ ’ਤੇ ਜਾਅਲੀ ਬਿਲਿੰਗ ਲਈ ਕੀਤੀ ਗਈ।
ਈਡੀ ਅਨੁਸਾਰ ਹੁਣ ਤੱਕ 102.99 ਕਰੋੜ ਰੁਪਏ ਦੀ ਕਥਿਤ ਅਪਰਾਧਕ ਆਮਦਨ ਦਾ ਪਤਾ ਲੱਗ ਚੁੱਕਾ ਹੈ, ਜਦਕਿ ਹੋਰ ਵਿੱਤੀ ਲੈਣ-ਦੇਣ ਦੀ ਜਾਂਚ ਜਾਰੀ ਹੈ।
ਮੰਤਰੀ ਤੋਂ ਜੇਲ੍ਹ ਤੱਕ
62 ਸਾਲਾ ਸੰਜੀਵ ਅਰੋੜਾ ਭਗਵੰਤ ਮਾਨ ਸਰਕਾਰ ਵਿੱਚ ਬਿਜਲੀ, ਉਦਯੋਗ ਅਤੇ ਵਣਜ ਮੰਤਰੀ ਰਹਿ ਚੁੱਕੇ ਹਨ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਹੋਰ ਮੰਤਰੀਆਂ ਨੂੰ ਸੌਂਪ ਦਿੱਤੇ ਗਏ ਸਨ। ਉਹ ਇਸ ਵੇਲੇ ਨਿਆਂਇਕ ਹਿਰਾਸਤ ਹੇਠ ਹਰਿਆਣਾ ਦੀ ਜੇਲ੍ਹ ਵਿੱਚ ਬੰਦ ਹਨ।