- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਰਾਏਪੁਰ 'ਚ ਅਣ-ਅਧਿਕਾਰਤ ਕਾਲੋਨੀ ਖ਼ਿਲਾਫ਼ ਵੱਡੀ ਕਾਰਵਾਈ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਇਲਾਕੇ ’ਚ ਉਸਾਰੀਆਂ ਅਧੀਨ ਕਥਿਤ ਅਣ-ਅਧਿਕਾਰਤ ਕਾਲੋਨੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਨੇੜਲੇ ਪਿੰਡ ਰਾਏਪੁਰ ’ਚ ਇਕ ਵੱਡੀ ਕਾਰਵਾਈ ਅੰਜਾਮ ਦਿੱਤਾ ਗਿਆ। ਨਾਜਾਇਜ਼ ਉਸਾਰੀਆਂ ਦਾ ਮਾਮਲਾ ਧਿਆਨ ਵਿਚ ਆਉਂਦੇ ਹੀ ਗਮਾਡਾ ਦੀ ਰੈਗੂਲੇਟਰੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬਿਨਾਂ ਮਨਜ਼ੂਰੀ ਤੋਂ ਵਿਕਸਿਤ ਕੀਤੀ ਜਾ ਰਹੀ ਇਕ ਕਥਿਤ ਗੈਰ-ਕਾਨੂੰਨੀ ਕਾਲੋਨੀ ਵਿਚ ਬਣਾਏ ਗਏ ਢਾਂਚਿਆਂ ਅਤੇ ਉਸਾਰੀ ਅਧੀਨ ਨਿਰਮਾਣ ਕਾਰਜਾਂ ਨੂੰ ਤਹਿਸ-ਨਹਿਸ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਮੀਨ ’ਤੇ ਰੀਅਲ ਅਸਟੇਟ ਦੇ ਕਾਰੋਬਾਰੀਆਂ ਵੱਲੋਂ ਬਿਨਾਂ ਸਰਕਾਰੀ ਪ੍ਰਵਾਨਗੀ ਅਤੇ ਨਿਯਮਾਂ ਦੀ ਉਲੰਘਣਾ ਕਰ ਕੇ ਕਾਲੋਨੀ ਕੱਟਣ ਦਾ ਕੰਮ ਜ਼ੋਰ-ਸ਼ੋਰ ਨਾਲ ਚਲਾਇਆ ਜਾ ਰਹਾ ਸੀ। ਇਸ ਦੌਰਾਨ ਨਾ ਸਿਰਫ਼ ਗੈਰ-ਕਾਨੂੰਨੀ ਤਰੀਕੇ ਨਾਲ ਪਲਾਟਿੰਗ ਕੀਤੀ ਜਾ ਰਹੀ ਸੀ, ਸਗੋਂ ਕੁਦਰਤੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਵੱਡੀ ਗਿਣਤੀ ’ਚ ਹਰੇ-ਭਰੇ ਰੁੱਖ ਵੱਢ ਕੇ ਜ਼ਮੀਨ ਹੇਠਾਂ ਸੀਵਰੇਜ ਦੀਆਂ ਲਾਈਨਾਂ ਵੀ ਵਿਛਾ ਦਿੱਤੀਆਂ ਗਈਆਂ ਸਨ। ਜਿਵੇਂ ਹੀ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਇਸ ਅਣ-ਅਧਿਕਾਰਤ ਨਿਰਮਾਣ ਅਤੇ ਰੁੱਖਾਂ ਦੀ ਕਟਾਈ ਬਾਰੇ ਪੁਖ਼ਤਾ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਰੈਗੂਲੇਟਰੀ ਵਿਭਾਗ ਦੀ ਟੀਮ ਨੂੰ ਭਾਰੀ ਪੁਲਿਸ ਫੋਰਸ ਅਤੇ ਜੇਸੀਬੀ ਮਸ਼ੀਨਾਂ ਸਮੇਤ ਮੌਕੇ ’ਤੇ ਭੇਜਿਆ ਗਿਆ। ਟੀਮ ਨੇ ਮੌਕੇ ’ਤੇ ਪਹੁੰਚ ਕੇ ਨਾਜਾਇਜ਼ ਤੌਰ ’ਤੇ ਵਿਛਾਈਆਂ ਗਈਆਂ ਸੀਵਰੇਜ ਲਾਈਨਾਂ, ਕੱਚੀਆਂ ਸੜਕਾਂ ਅਤੇ ਹੋਰ ਬਣਾਏ ਗਏ ਗੈਰ-ਕਾਨੂੰਨੀ ਢਾਂਚਿਆਂ ਨੂੰ ਢਹਿ-ਢੇਰੀ ਕਰ ਦਿੱਤਾ।
- ਨਾਜਾਇਜ਼ ਕਾਲੋਨੀਆਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ
ਗਮਾਡਾ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਮੁਹਾਲੀ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਕਾਲੋਨੀਆਂ ਦੇ ਉਭਾਰ ਨੂੰ ਰੋਕਣ ਲਈ ਚਲਾਈ ਜਾ ਰਹੀ ਵਿਸ਼ੇਸ਼ ਵਿਆਪਕ ਮੁਹਿੰਮ ਦਾ ਹੀ ਇਕ ਹਿੱਸਾ ਹੈ। ਗਮਾਡਾ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਸਰਕਾਰ ਅਤੇ ਗਮਾਡਾ ਦੀ ਬਿਨਾਂ ਅਗਾਊਂ ਪ੍ਰਵਾਨਗੀ ਤੋਂ ਕਾਲੋਨੀਆਂ ਕੱਟਣ ਵਾਲੇ ਗੈਰ-ਕਾਨੂੰਨੀ ਬਿਲਡਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗਮਾਡਾ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਆਪਣੀ ਮਿਹਨਤ ਦੀ ਕਮਾਈ ਅਜਿਹੀਆਂ ਅਣ-ਅਧਿਕਾਰਤ ਕਾਲੋਨੀਆਂ ਵਿਚ ਪਲਾਟ ਖ਼ਰੀਦ ਕੇ ਖ਼ਤਰੇ ਵਿਚ ਨਾ ਪਾਉਣ। ਕਿਸੇ ਵੀ ਥਾਂ ਪਲਾਟ ਜਾਂ ਪ੍ਰਾਪਰਟੀ ਖ਼ਰੀਦਣ ਤੋਂ ਪਹਿਲਾਂ ਗਮਾਡਾ ਤੋਂ ਸਬੰਧਤ ਕਾਲੋਨੀ ਦੀ ਮਨਜ਼ੂਰੀ ਬਾਰੇ ਪਤਾ ਕੀਤਾ ਜਾਵੇ ਅਤੇ ਆਪਣੇ ਪੱਧਰ ’ਤੇ ਪੂਰੀ ਤਰ੍ਹਾਂ ਜਾਂਚ ਪੜਤਾਲ ਕਰ ਲਈ ਜਾਵੇ ਤਾਂ ਜੋ ਭਵਿੱਖ ’ਚ ਕਿਸੇ ਵੀ ਕਿਸਮ ਦੇ ਵਿੱਤੀ ਜਾਂ ਕਾਨੂੰਨੀ ਨੁਕਸਾਨ ਤੋਂ ਬਚਿਆ ਜਾ ਸਕੇ।