ਵੱਡਾ ਹਾਦਸਾ ਟਲਿਆ, ਰੇਲਵੇ ਅੰਡਰਪਾਥ 'ਚ ਬੇਕਾਬੂ ਮਿਕਸਚਰ ਟਰੱਕ ਡਿਵਾਈਡਰ 'ਚ ਫਸਿਆ; ਘੰਟਿਆਂ ਬੱਧੀ ਲੱਗਿਆ ਰਿਹੈ ਜਾਮ ਇਲਾਕੇ ’ਚ ਬੇਲਗਾਮ ਦੌੜਦੇ ਮਿਕਸਚਰ ਟਰੱਕ ਲੋਕਾਂ ਲਈ ਮੌਤ ਦਾ ਦੂਤ ਬਣਦੇ ਜਾ ਰਹੇ ਹਨ, ਜਦਕਿ ਸਥਾਨਕ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਇਨ੍ਹਾਂ 'ਤੇ ਨੱਥ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਮੁਬਾਰਕਪੁਰ ਰੇਲਵੇ ਅੰਡਰਪਾਥ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਤੇਜ਼ ਰਫ਼ਤਾਰ ਬੇਕਾਬੂ ਮਿਕਸਚਰ ਟਰੱਕ ਸੜਕ ਦੇ ਵਿਚਕਾਰ ਬਣੇ ਡਿਵਾਈਡਰ ’ਚ ਜਾ ਫਸਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
Publish Date: Wed, 02 Sep 2026 11:57 AM (IST)
Updated Date: Wed, 02 Sep 2026 11:58 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇਲਾਕੇ ’ਚ ਬੇਲਗਾਮ ਦੌੜਦੇ ਮਿਕਸਚਰ ਟਰੱਕ ਲੋਕਾਂ ਲਈ ਮੌਤ ਦਾ ਦੂਤ ਬਣਦੇ ਜਾ ਰਹੇ ਹਨ, ਜਦਕਿ ਸਥਾਨਕ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਇਨ੍ਹਾਂ 'ਤੇ ਨੱਥ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਮੁਬਾਰਕਪੁਰ ਰੇਲਵੇ ਅੰਡਰਪਾਥ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਤੇਜ਼ ਰਫ਼ਤਾਰ ਬੇਕਾਬੂ ਮਿਕਸਚਰ ਟਰੱਕ ਸੜਕ ਦੇ ਵਿਚਕਾਰ ਬਣੇ ਡਿਵਾਈਡਰ ’ਚ ਜਾ ਫਸਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਟਰੱਕ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਜੇਕਰ ਹਾਦਸੇ ਸਮੇਂ ਕੋਈ ਦੁਪਹੀਆ ਜਾਂ ਚਾਰ ਪਹੀਆ ਵਾਹਨ ਇਸ ਦੀ ਲਪੇਟ ’ਚ ਆ ਜਾਂਦਾ ਤਾਂ ਕੋਈ ਵੱਡੀ ਦੁਖਾਂਤਕ ਘਟਨਾ ਵਾਪਰ ਸਕਦੀ ਸੀ। ਹਾਦਸੇ ਤੋਂ ਬਾਅਦ ਟਰੱਕ ਵਿਚਕਾਰ ਫਸਣ ਕਰ ਕੇ ਰਸਤਾ ਬੰਦ ਹੋ ਗਿਆ, ਜਿਸ ਕਾਰਨ ਇਕ ਪਾਸੇ ਕਈ ਘੰਟਿਆਂ ਤੱਕ ਭਾਰੀ ਟ੍ਰੈਫਿਕ ਜਾਮ ਲੱਗਿਆ ਰਿਹਾ ਤੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਬਾਅਦ ’ਚ ਸਥਾਨਕ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਬਾਹਰ ਕੱਢਿਆ ਤੇ ਟ੍ਰੈਫਿਕ ਵਿਵਸਥਾ ਨੂੰ ਬਹਾਲ ਕਰਵਾਇਆ।
ਸਥਾਨਕ ਲੋਕਾਂ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਨ੍ਹਾਂ ਤੇਜ਼ ਰਫ਼ਤਾਰ ਮਿਕਸਚਰ ਟਰੱਕਾਂ ਦੀ ਲਪੇਟ ’ਚ ਆਉਣ ਕਾਰਨ ਅਨੇਕਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੇ ਬਾਵਜੂਦ ਟ੍ਰੈਫਿਕ ਪੁਲਿਸ ਇਨ੍ਹਾਂ 'ਤੇ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ। ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਭਾਰੀ ਵਾਹਨਾਂ ਦੀ ਰਫ਼ਤਾਰ 'ਤੇ ਲਗਾਮ ਲਾਈ ਜਾਵੇ ਤੇ ਰਿਹਾਇਸ਼ੀ ਇਲਾਕਿਆਂ ’ਚ ਇਨ੍ਹਾਂ ਦੀ ਆਵਾਜਾਈ ਦੇ ਸਮੇਂ ਤੈਅ ਕੀਤੇ ਜਾਣ ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।