ਦੁੱਧ ਦੀ ਪੈਦਾਵਾਰ ਵਧਾਉਂਦਾ ਹੈ ਮੱਕੀ ਦਾ ਅਚਾਰ : ਡਾ. ਸ਼ਰਮਾ ਦੁੱਧ ਦੀ ਪੈਦਾਵਾਰ ਵਧਾਉਂਦਾ ਹੈ ਮੱਕੀ ਦਾ ਅਚਾਰ : ਡਾ. ਸ਼ਰਮਾ
Publish Date: Sat, 12 Sep 2026 07:22 PM (IST)
Updated Date: Sun, 13 Sep 2026 04:05 AM (IST)
ਫੋਟੋ ਕੈਪਸ਼ਨ : ਡਾ. ਬਿਮਲ ਸ਼ਰਮਾ। 11ਪੀ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਤੂੜੀ ਦੀ ਘਾਟ ਕਾਰਨ ਪਸ਼ੂ ਪਾਲਕਾਂ ’ਚ ਮੱਕੀ ਦਾ ਅਚਾਰ (ਸਾਈਲੇਜ਼) ਤਿਆਰ ਕਰਨ ਦਾ ਰੁਝਾਨ ਵੱਧ ਰਿਹਾ ਹੈ। ਮੱਕੀ ਦਾ ਅਚਾਰ ਸੰਤੁਲਿਤ ਪਸ਼ੂ ਆਹਾਰ ਹੋਣ ਦੇ ਨਾਲ-ਨਾਲ ਤੂੜੀ ਦੇ ਮੁਕਾਬਲੇ ਸਸਤਾ ਵੀ ਪੈਂਦਾ ਹੈ। ਇਹ ਜਾਣਕਾਰੀ ਵੈਟਰਨਰੀ ਮਾਹਰ ਤੇ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਪਸ਼ੂ ਪਾਲਕਾਂ ਨੂੰ ਮੱਕੀ ਦਾ ਅਚਾਰ ਤਿਆਰ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਦਿੱਤੀ। ਡਾ. ਸ਼ਰਮਾ ਨੇ ਦੱਸਿਆ ਕਿ ਮਈ-ਜੂਨ ਅਤੇ ਸਤੰਬਰ-ਅਕਤੂਬਰ ਦੌਰਾਨ ਹਰੇ ਚਾਰੇ ਦੀ ਘਾਟ ਸਮੇਂ ਮੱਕੀ ਦਾ ਅਚਾਰ ਪਸ਼ੂਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ। ਇਸ ਨਾਲ ਪਸ਼ੂਆਂ ਦੀਆਂ ਪੋਸ਼ਣ ਸਬੰਧੀ ਲੋੜਾਂ ਪੂਰੀਆਂ ਹੋਣ ਦੇ ਨਾਲ ਪਾਚਨ ਸ਼ਕਤੀ ਵਿਚ ਵੀ ਸੁਧਾਰ ਹੁੰਦਾ ਹੈ। ਇਕ ਏਕੜ ’ਚ ਆਮ ਤੌਰ ’ਤੇ 160 ਤੋਂ 180 ਕੁਇੰਟਲ ਮੱਕੀ ਪੈਦਾ ਹੁੰਦੀ ਹੈ, ਜਿਸ ਵਿਚ 60 ਤੋਂ 65 ਫ਼ੀਸਦੀ ਪਾਣੀ ਅਤੇ 30 ਤੋਂ 35 ਫ਼ੀਸਦੀ ਡਰਾਈ ਮੈਟਰ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੱਕੀ ਦੀ ਕਟਾਈ 55 ਤੋਂ 60 ਦਿਨਾਂ ਬਾਅਦ, ਜਦੋਂ ਛੱਲੀ ’ਚ ਦੋਧੀ ਦਾਣਾ ਬਣ ਜਾਵੇ, ਜਾਂ ਲਗਭਗ 90 ਦਿਨਾਂ ਬਾਅਦ, ਜਦੋਂ ਦਾਣੇ ਪੱਕਣ ਲੱਗਣ ਅਤੇ ਮਿਲਕ ਲਾਈਨ ਛੱਲੀ ਦੇ ਅੱਧ ਤੱਕ ਆ ਜਾਵੇ, ਕੀਤੀ ਜਾ ਸਕਦੀ ਹੈ। ਕੁਤਰਾ ਕਰਦੇ ਸਮੇਂ ਦਾਣਿਆਂ ਨੂੰ ਵੀ ਚੰਗੀ ਤਰ੍ਹਾਂ ਕੁਤਰਨਾ ਜ਼ਰੂਰੀ ਹੈ। ਡਾ. ਸ਼ਰਮਾ ਅਨੁਸਾਰ 50×18×6 ਫੁੱਟ ਦਾ ਟੋਆ ਲਗਭਗ 8 ਏਕੜ ਦੀ ਮੱਕੀ ਲਈ ਕਾਫ਼ੀ ਹੈ। ਟੋਆ ਉੱਚੀ ਥਾਂ ’ਤੇ ਬਣਾਇਆ ਜਾਵੇ ਅਤੇ ਪਾਣੀ ਦੀ ਨਿਕਾਸੀ ਲਈ ਢਲਾਨ ਰੱਖੀ ਜਾਵੇ। ਹਰੇ ਚਾਰੇ ਨੂੰ 1 ਤੋਂ 3 ਸੈਂਟੀਮੀਟਰ ਕੁਤਰ ਕੇ ਚੰਗੀ ਤਰ੍ਹਾਂ ਦਬਾਉਣਾ ਚਾਹੀਦਾ ਹੈ ਤਾਂ ਜੋ ਹਵਾ ਜਾਂ ਪਾਣੀ ਅੰਦਰ ਨਾ ਜਾ ਸਕੇ। ਅਚਾਰ ਆਮ ਤੌਰ ’ਤੇ 45 ਦਿਨਾਂ ਵਿਚ ਤਿਆਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਦੇ ਭਾਰ ਦਾ ਲਗਭਗ ਦਸਵਾਂ ਹਿੱਸਾ ਅਚਾਰ ਵਜੋਂ ਦਿੱਤਾ ਜਾ ਸਕਦਾ ਹੈ। 25 ਤੋਂ 30 ਲੀਟਰ ਦੁੱਧ ਦੇਣ ਵਾਲੇ ਪਸ਼ੂ ਨੂੰ 25 ਤੋਂ 30 ਕਿਲੋ ਅਚਾਰ ਅਤੇ 1 ਤੋਂ 1.5 ਕਿਲੋ ਤੂੜੀ ਰੋਜ਼ਾਨਾ ਦਿੱਤੀ ਜਾ ਸਕਦੀ ਹੈ।