ਲਾਲੜੂ ਕਤਲ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਵਰਤਿਆ ਹਥਿਆਰ ਵੀ ਬਰਾਮਦ
ਲਾਲੜੂ ਕਤਲ ਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਵਰਤਿਆ ਹਥਿਆਰ ਵੀ ਬਰਾਮਦ
Publish Date: Thu, 29 Jan 2026 08:38 PM (IST)
Updated Date: Thu, 29 Jan 2026 08:40 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਨੇੜੇ ਪਿੰਡ ਸਰਸੀਣੀ ਕੋਲ ਇਕ ਹੋਟਲ ’ਚ ਜਨਮ ਦਿਨ ਮਨਾਉਣ ਤੋਂ ਬਾਅਦ ਹੋਏ ਮਾਮੂਲੀ ਝਗੜੇ ਉਪਰੰਤ ਅੰਬਾਲਾ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਹਫ਼ਤੇ ਦੇ ਅੰਦਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਵਿਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਚਾਕੂ ਦਾ ਇਕੋ ਵਾਰ ਮ੍ਰਿਤਕ ਦੇ ਸਿੱਧਾ ਦਿਲ ਦੇ ਹੇਠਾਂ ਲੱਗਿਆ ਅਤੇ ਆਰ-ਪਾਰ ਹੋ ਗਿਆ ਸੀ। ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਨੂੰ ਚਾਰ ਦਿਨਾ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 22 ਜਨਵਰੀ ਦੀ ਰਾਤ ਨੂੰ ਅੰਬਾਲਾ ਜ਼ਿਲ੍ਹੇ ਦੇ ਪਿੰਡ ਡੇਹਰੀ ਦੇ ਵਸਨੀਕ 27 ਸਾਲਾ ਅਮਨਦੀਪ ਸਿੰਘ ਦਾ ਅੰਬਾਲਾ-ਚੰਡੀਗੜ੍ਹ ਹਾਈਵੇ ਤੇ ਸਰਸੀਣੀ ਨੇੜੇ ਹੋਟਲ ਕ੍ਰਿਸਟਲ ਦੇ ਬਾਹਰ ਕਤਲ ਹੋ ਗਿਆ ਸੀ। ਭਾਵੇਂ ਕਿ ਲਾਲੜੂ ਪੁਲਿਸ ਨੇ ਤਿੰਨ ਨੌਜਵਾਨਾਂ, ਜਸ਼ਨ, ਬਰਥਡੇ ਬੁਆਏ ਪ੍ਰੀਤ ਪੁੱਤਰ ਬਿੰਦਰ ਸਿੰਘ, ਪਿੰਡ ਮੰਡੋਰ ਦੇ ਹੈਪੀ ਸਮੇਤ ਅੱਧਾ ਦਰਜਨ ਅਣਪਛਾਤਿਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਦੋ ਕਾਰਾਂ ਜ਼ਬਤ ਕਰ ਲਈਆਂ ਸਨ, ਪਰ ਪੁਲਿਸ ਨੇ ਕਤਲ ਦੇ ਮੁੱਖ ਮੁਲਜ਼ਮ 19 ਸਾਲਾ ਜਸ਼ਨ ਪੁੱਤਰ ਗੁਲਾਬ ਸਿੰਘ, ਵਾਸੀ ਛੱਜੂ ਮਾਜਰਾ, ਜ਼ਿਲ੍ਹਾ ਅੰਬਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਨ੍ਹਾਂ ਵਿਚਕਾਰ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਸਾਰਿਆਂ ਨੇ ਪਾਰਟੀ ਵਿਚ ਇਕੱਠੇ ਜਸ਼ਨ ਮਨਾਇਆ। ਇਕ ਦੂਜੇ ਲਈ ਡਰਿੰਕ ਬਣਾਈ। ਇਕੱਠੇ ਸ਼ਰਾਬ ਪੀਤੀ ਅਤੇ ਇੱਥੋਂ ਤੱਕ ਕਿ ਨੱਚੇ ਵੀ, ਜਦੋਂ ਉਹ ਬਹੁਤ ਜ਼ਿਆਦਾ ਸ਼ਰਾਬੀ ਹੋ ਗਏ ਸਨ ਤਾਂ ਇਕ ਦੂਜੇ ਵੱਲ ਘੂਰਨ ਨੂੰ ਲੈ ਕੇ ਹੋਈ ਬਹਿਸ ਅਚਾਨਕ ਹੱਥੋਪਾਈ ਵਿਚ ਬਦਲ ਗਈ। ਦੋਸਤਾਂ ਨੇ ਉਸ ਦੇ ਹੱਥ ਵਿਚੋਂ ਕੜਾ ਖੋਹ ਕੇ ਸਿਰ ਤੇ ਸੱਟ ਮਾਰੀ। ਅਮਨਦੀਪ ਵੱਡਾ ਅਤੇ ਉੱਚੇ ਕੱਦਕਾਠ ਦਾ ਸੀ, ਉਨ੍ਹਾਂ ਨੂੰ ਲੱਗਾ ਕਿ ਉਹ ਉਸ ’ਤੇ ਭਾਰੀ ਪੈ ਸਕਦੇ ਹਨ ਤਾਂ ਉਸ ਨੇ ਆਪਣੀ ਕਾਰ ਵਿਚੋਂ ਚਾਕੂ ਕੱਢ ਕੇ ਜੇਬ ਵਿਚ ਪਾ ਲਿਆ। ਬਾਹਰ ਅਮਨ ਨੇ ਫਿਰ ਉਸ ਨੂੰ ਖੱਬੀ ਬਾਂਹ ਨਾਲ ਦਬੋਚ ਲਿਆ ਅਤੇ ਫਿਰ ਉਸ ਨੇ ਚਾਕੂ ਕੱਢ ਮਾਰ ਦਿੱਤਾ। ਉਸ ਨੇ ਇਹੀ ਕਹਾਣੀ ਅਮਨ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਵੀ ਦੱਸੀ ਜੋ ਉਸ ਨੂੰ ਪੁਲਿਸ ਸਟੇਸ਼ਨ ਮਿਲਣ ਆਏ ਸਨ। ਥਾਣਾ ਮੁੱਖੀ ਲਾਲੜੂ ਇੰਸਪੈਕਟਰ ਰਣਬੀਰ ਸਿੰਘ ਦੇ ਅਨੁਸਾਰ ਕਤਲ ਵਿਚ ਵਰਤਿਆ ਗਿਆ ਚਾਕੂ ਦੇਰ ਸ਼ਾਮ ਮੁਲਜ਼ਮ ਤੋਂ ਬਰਾਮਦ ਕਰ ਲਿਆ ਗਿਆ ਸੀ। ਹਾਲਾਂਕਿ ਮੁੱਖ ਮੁਲਜ਼ਮ ਹੁਣ ਆਪਣੇ ਕੀਤੇ ਤੇ ਪਛਤਾਵਾ ਪ੍ਰਗਟ ਕਰ ਰਿਹਾ ਹੈ, ਪਰ ਪੁਲਿਸ ਉਸ ਨਾਲ ਕਾਨੂੰਨ ਅਨੁਸਾਰ ਹੀ ਪੇਸ਼ ਆ ਰਹੀ ਹੈ।