ਮਾਈ ਭਾਗੋ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਰਚਿਆ ਇਤਹਾਸ ਮਾਈ ਭਾਗੋ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਨੇ ਰਚਿਆ ਇਤਹਾਸ
Publish Date: Mon, 12 Oct 2026 08:00 PM (IST)
Updated Date: Mon, 12 Oct 2026 08:02 PM (IST)
- 17 ਮਹਿਲਾ ਕੈਡਿਟਾਂ ਨੇ ਪਾਸ ਕੀਤੀ ਐਨਡੀਏ ਪ੍ਰੀਖਿਆ - ਦੇਸ਼ ਦੇ ਕਿਸੇ ਵੀ ਸਰਕਾਰੀ ਅਦਾਰੇ ’ਚੋਂ ਪਾਸ ਹੋਣ ਵਾਲੀਆਂ ਮਹਿਲਾਂ ਕੈਡਿਟਾਂ ਦੀ ਸਭ ਤੋਂ ਵੱਡੀ ਗਿਣਤੀ - ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੋਣਹਾਰ ਕੈਡਿਟਾਂ ਨੂੰ ਦਿੱਤੀ ਵਧਾਈ - ਲੜਕੀਆਂ ਨੂੰ ਸਮਰੱਥ ਬਣਾਉਣ ’ਚ ਪੰਜਾਬ ਦੇਸ਼ ਭਰ ’ਚ ਮੋਹਰੀ ਬਣ ਕੇ ਉਭਰਿਆ : ਅਮਨ ਅਰੋੜਾ == ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫ਼ਪੀਆਈ) ਸੈਕਟਰ-66 (ਮੁਹਾਲੀ) ਦੀਆਂ 17 ਮਹਿਲਾ ਕੈਡਿਟਾਂ ਨੇ ਐਨਡੀਏ ਦੀ ਲਿਖਤੀ ਪ੍ਰੀਖਿਆ ਪਾਸ ਕਰਕੇ ਰਾਸ਼ਟਰੀ ਪੱਧਰ ਤੇ ਇਤਿਹਾਸ ਰਚਿਆ ਹੈ। ਇਹ ਦੇਸ਼ ਦੀ ਕਿਸੇ ਵੀ ਸਰਕਾਰੀ ਸੰਸਥਾ, ਜਿਸ ’ਚ ਸੈਨਿਕ ਸਕੂਲ ਅਤੇ ਰਾਸ਼ਟਰੀ ਮਿਲਟਰੀ ਸਕੂਲ ਵੀ ਸ਼ਾਮਲ ਹਨ, ਵੱਲੋਂ ਐਨਡੀਏ ਪ੍ਰੀਖਿਆ ਪਾਸ ਕਰਨ ਵਾਲੀਆਂ ਮਹਿਲਾ ਕੈਡਿਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਵੱਡੀਆਂ ਚੁਣੌਤੀਆਂ ਦੇ ਬਾਵਜੂਦ ਇਹ ਸਫ਼ਲਤਾ ਹਾਸਲ ਕਰਨ ਵਾਲੀਆਂ 17 ਮਹਿਲਾ ਕੈਡਿਟਾਂ ’ਚ ਤਨਵੀ, ਉਰਵੀ, ਸਿਮਰਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਪਹੁਲਜੀਤ ਕੌਰ, ਜਸਮੀਤ ਕੌਰ, ਮੁਸਕਾਨਪ੍ਰੀਤ ਕੌਰ, ਗਰਿਮਾ, ਅਨੀਸ਼ਾ, ਪ੍ਰਣਯਾ ਕਾਰਗਵਾਲ, ਜਸ਼ਨਦੀਪ ਕੌਰ, ਸਮ੍ਰਿਧੀ, ਅਰਸ਼ਕਿਰਨ ਕੌਰ, ਸਹਿਜਪ੍ਰੀਤ ਕੌਰ, ਜਪਨੀਤ ਕੌਰ, ਖੁਸ਼ੀ ਅਤੇ ਜਸਲੀਨ ਕੌਰ ਸ਼ਾਮਲ ਹਨ। ਉਨ੍ਹਾਂ ਨੇ ਇਹ ਪ੍ਰੀਖਿਆ ਅਜਿਹੀ ਪ੍ਰਣਾਲੀ ’ਚ ਪਾਸ ਕੀਤੀ ਹੈ, ਜਿੱਥੇ ਐਨਡੀਏ ਦੀਆਂ ਕੁੱਲ ਸੀਟਾਂ ’ਚੋਂ ਸਿਰਫ਼ 6 ਫ਼ੀਸਦੀ ਸੀਟਾਂ ਹੀ ਲੜਕੀਆਂ ਲਈ ਰਾਖਵੀਆਂ ਹਨ, ਜਦਕਿ 94 ਫ਼ੀਸਦੀ ਸੀਟਾਂ ਲੜਕਿਆਂ ਲਈ ਰਾਖਵੀਆਂ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹੋਣਹਾਰ ਕੈਡਿਟਾਂ ਨੂੰ ਵਧਾਈ ਦਿੰਦਿਆਂ ਇਸ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਲੜਕੀਆਂ ਨੂੰ ਹਥਿਆਰਬੰਦ ਬਲਾਂ ’ਚ ਕਰੀਅਰ ਬਣਾਉਣ ਦੇ ਸਮਰੱਥ ਬਣਾਉਣ ’ਚ ਦੇਸ਼ ਦੇ ਮੋਹਰੀ ਸੂਬੇ ਵਜੋਂ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਉਸ ਦੂਰਅੰਦੇਸ਼ੀ ਫੈਸਲੇ ਤੇ ਮੋਹਰ ਲਗਾਉਂਦੀ ਹੈ ਜਿਸ ਤਹਿਤ ਮਾਈ ਭਾਗੋ ਇੰਸਟੀਚਿਊਟ ’ਚ ਲੜਕੀਆਂ ਲਈ ਐਨਡੀਏ ਦੀ ਤਿਆਰੀ ਸਬੰਧੀ ਵਿੰਗ ਸ਼ੁਰੂ ਕੀਤਾ ਗਿਆ ਸੀ। ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਾਲਾਂ ’ਚ ਨਤੀਜੇ ਹੋਰ ਵੀ ਬਿਹਤਰ ਹੋਣਗੇ। ਅਮਨ ਅਰੋੜਾ ਨੇ ਕਿਹਾ, ਮੈਨੂੰ ਮਾਈ ਭਾਗੋ ਇੰਸਟੀਚਿਊਟ ਦੀਆਂ 17 ਮਹਿਲਾ ਕੈਡਿਟਾਂ ਤੇ ਬਹੁਤ ਮਾਣ ਹੈ। ਇਹ ਸਿਰਫ਼ ਇਨ੍ਹਾਂ ਨੌਜਵਾਨ ਲੜਕੀਆਂ ਦੀ ਜਿੱਤ ਨਹੀਂ, ਸਗੋਂ ਪੰਜਾਬ ਲਈ ਇਕ ਇਤਿਹਾਸਕ ਪਲ ਹੈ। ਅਜਿਹੀ ਪ੍ਰਣਾਲੀ ’ਚ ਸਫ਼ਲਤਾ ਹਾਸਲ ਕਰਨ ਲਈ, ਜਿੱਥੇ 94 ਫ਼ੀਸਦੀ ਸੀਟਾਂ ਲੜਕਿਆਂ ਲਈ ਰਾਖ਼ਵੀਆਂ ਹਨ, ਅਸਾਧਾਰਨ ਹਿੰਮਤ ਅਤੇ ਪ੍ਰਤਿਭਾ ਦੀ ਲੋੜ ਹੁੰਦੀ ਹੈ ਅਤੇ ਸਾਡੀਆਂ ਧੀਆਂ ਨੇ ਆਪਣੀ ਹਿੰਮਤ ਅਤੇ ਹੁਨਰ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ, ਇਹ ਨਤੀਜਾ ਸਾਡੀਆਂ ਧੀਆਂ ਨੂੰ ਵਿਸ਼ਵ-ਪੱਧਰੀ ਸਿਖਲਾਈ ਨਾਲ ਸਮਰੱਥ ਬਣਾਉਣ ਪ੍ਰਤੀ ਸੂਬਾ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਪ੍ਰਤੱਖ ਪ੍ਰਮਾਣ ਹੈ। ਮਾਈ ਭਾਗੋ ਇੰਸਟੀਚਿਊਟ ਅੱਜ ਉੱਤਮਤਾ ਦੀ ਇਕ ਮਿਸਾਲ ਵਜੋਂ ਖੜ੍ਹੀ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਕੈਡਿਟ ਐਸਐਸਬੀ ਅਤੇ ਇਸ ਤੋਂ ਅੱਗੇ ਵੀ ਦੇਸ਼ ਦਾ ਨਾਮ ਰੌਸ਼ਨ ਕਰਨਗੇ।